← ਪਿਛੇ ਪਰਤੋ
ਸੰਗਰੂਰ, 21 ਮਾਰਚ 2018: ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਆਰਥਿਕ ਤੰਗੀ ਕਾਰਨ ਕਰਜ਼ੇ ਦੇ ਬੋਝ 'ਚ ਫਸੇ ਜ਼ਿਲ੍ਹਾ ਸੰਗਰੂਰ ਦੇ ਕਿਸੇ ਵੀ ਯੋਗ ਕਿਸਾਨ ਨੂੰ ਫਸਲੀ ਕਰਜ਼ਾ ਮੁਕਤੀ ਸਕੀਮ ਤੋਂ ਵਾਂਝਾ ਨਹੀ ਰੱਖਿਆ ਜਾਵੇਗਾ। ਸ੍ਰੀ ਥੋਰੀ ਨੇ ਦੱਸਿਆ ਕਿ ਕਰਜ਼ਾ ਮੁਕਤੀ ਸਕੀਮ ਦੇ ਤਹਿਤ ਵੱਖ-ਵੱਖ ਯੋਗ ਲਾਭਪਾਤਰੀਆਂ ਦੇ ਪ੍ਰਾਪਤ ਹੋਏ ਦਸਤਾਵੇਜ਼ਾਂ ਸਬੰਧੀ ਪੜਤਾਲ ਪ੍ਰਕਿਰਿਆ ਜਾਰੀ ਹੈ ਅਤੇ ਸਵੈ ਘੋਸ਼ਣਾ ਪੱਤਰ ਲਏ ਜਾ ਰਹੇ ਹਨ। ਸ਼੍ਰੀ ਥੋਰੀ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਉਂਦਿਆ ਕਿਹਾ ਕਿ ਕਰਜ਼ਾ ਮੁਆਫ਼ੀ ਸਕੀਮ ਅਧੀਨ ਆਉਣ ਵਾਲੇ ਹਰ ਕਿਸਾਨ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਤੇ ਜੇਕਰ ਕਿਸੇ ਵੀ ਯੋਗ ਕਿਸਾਨ ਦਾ ਨਾਮ ਸੂਚੀ ਵਿਚ ਸ਼ਾਮਲ ਹੋਣ ਤੋਂ ਰਹਿ ਗਿਆ ਹੋਵੇ ਜਾਂ ਕੋਈ ਇਤਰਾਜ਼ ਹੋਵੇ ਤਾਂ ਉਹ ਸਬੰਧਤ ਉਪ ਮੰਡਲ ਮੈਜਿਸਟਰੇਟ ਨਾਲ ਰਾਬਤਾ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਸਾਨੀ ਕਰਜ਼ਿਆਂ ਬਾਰੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਅਧੀਨ 2.5 ਏਕੜ ਤੱਕ ਵਾਲੇ ਸਾਰੇ ਸੀਮਾਂਤ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ 2.5 ਤੋਂ 5 ਏਕੜ ਵਾਲੇ ਛੋਟੇ ਕਿਸਾਨਾਂ ਨੂੰ ਵੀ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਕੇਸ ਕਰਜ਼ਾ ਮੁਆਫ਼ੀ ਸਕੀਮ ਅਧੀਨ ਵਿਚਾਰੇ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਰਜ਼ਾ ਮੁਆਫ਼ੀ ਸਕੀਮ ਵਿਰੁਧ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜੇ ਕਿਸੇ ਕਿਸਾਨ ਦਾ ਨਾਂ ਕਿਸੇ ਕਾਰਨ ਇਸ ਸਕੀਮ ਵਿੱਚ ਸ਼ਾਮਲ ਹੋਣ ਤੋਂ ਰਹਿ ਗਿਆ ਹੈ ਤਾਂ ਉਹ ਇਸ ਸਬੰਧੀ ਆਪਣੀ ਸਬ-ਡਵੀਜ਼ਨ ਨਾਲ ਸਬੰਧਤ ਐਸ.ਡੀ.ਐਮ ਜਾਂ ਸੁਸਾਇਟੀ ਨਾਲ ਤਾਲਮੇਲ ਕਰ ਸਕਦਾ ਹੈ ਅਤੇ ਪੇਸ਼ ਕੀਤੇ ਜਾਣ ਵਾਲੇ ਸਬੂਤ ਯੋਗ ਪਾਏ ਜਾਣ 'ਤੇ ਉਸਨੂੰ ਵੀ ਇਸ ਦਾ ਲਾਭ ਦਿੱਤਾ ਜਾਵੇਗਾ।
Total Responses : 942