ਜਗਦੀਸ਼ ਥਿੰਦ
ਫਾਜ਼ਿਲਕਾ 21 ਮਾਰਚ 2018 :
ਸਾਰਡ ਅਤੇ ਸੇਵ ਦਾ ਚਿਲਡਰਨ ਸੰਸਥਾ ਵੱਲੋਂ ਜ਼ਿਲ੍ਹੇ ਅੰਦਰ ਬਾਲ ਅਧਿਕਾਰਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ 2014 ਤੋਂ ਸ਼ੁਰੂ ਕੀਤੀ ਗਈ ਇਕ ਪਰਿਯੋਜਨਾ ਦੀ ਸਮਾਪਤੀ 'ਤੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਸੰਸਥਾ ਦੇ ਸੀ.ਈ.ਓ ਸ੍ਰੀ ਸੁਧੀਰ ਭਟਨਾਗਰ ਤੋਂ ਇਲਾਵਾ ਸਹਾਇਕ ਕਮਿਸ਼ਨਰ(ਜਨਰਲ) ਸ੍ਰੀ ਜਗਦੀਪ ਸਹਿਗਲ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਸਹਿਗਲ ਨੇ ਕਿਹਾ ਕਿ ਬਾਲ ਸੁਰੱਖਿਆ ਦੇ ਅਧਿਕਾਰਾਂ ਸਬੰਧੀ ਸਾਰਡ ਅਤੇ ਸੇਵ ਦਾ ਚਿਲਡਰਨ ਵੱਲੋਂ ਪਿਛਲੇ 4 ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਬੱਚਿਆਂ ਪ੍ਰਤੀ ਵੱਧ ਰਹੇ ਅਪਰਾਧਾਂ ਨੂੰ ਰੋਕਣ ਲਈ ਹਰ ਨਾਗਰਿਕ ਦਾ ਜਾਗਰੂਕ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਸੰਸਥਾ ਦਾ ਸ਼ੁਰੂ ਤੋਂ ਹੀ ਸਹਿਯੋਗ ਕਰਦਾ ਆਇਆ ਹੈ ਅਤੇ ਸਮਾਜ ਭਲਾਈ ਤੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਮਦਦ ਕਰਦਾ ਰਹੇਗਾ। ਉਨ੍ਹਾਂ ਇਸ ਮੌਕੇ ਇਸ ਸੰਸਥਾਂ ਨਾਲ ਕੰਮ ਕਰ ਰਹੇ ਨੌਜਵਾਨਾ ਅਤੇ ਪਤਵੰਤਿਆਂ ਤੋਂ ਇਲਾਵਾ ਬਾਲ ਸੁਰੱਖਿਆ ਸਮਿਤੀਆਂ ਵੱਲੋਂ ਕੀਤੇ ਗਏ ਕਾਰਜਾਂ ਦੀ ਵੀ ਸ਼ਲਾਂਘਾ ਕੀਤੀ।
ਇਸ ਮੌਕੇ ਸੰਸਥਾ ਦੇ ਪ੍ਰੋਗਰਾਮ ਮੈਨੇਜਰ ਸ੍ਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਸਥਾਂ ਵੱਲੋਂ ਜ਼ਿਲ੍ਹੇ ਦੇ ਲਗਪਗ 161 ਕਪਾਹ ਖੇਤਰ ਵਾਲੇ ਪਿੰਡਾਂ ਵਿੱਚ ਬਾਲ ਸੁਰੱਖਿਆ ਦੇ ਅਧਿਕਾਰਾਂ ਨੂੰ ਤੇ ਉਨ੍ਹਾਂ ਦੀ ਭਲਾਈ ਹਿੱਤ ਕੰਮ ਕੀਤੇ ਗਏ ਹਨ। ਇਸ ਮੁਹਿੰਮ ਨੂੰ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਫਲਤਾਪੂਰਵਕ ਬਣਾਉਣ ਲਈ ਬਾਲ ਸੁਰੱਖਿਆ ਕਮੇਟੀਆਂ ਤੇ ਬਾਲ ਮੰਡਲ ਬਣਾਏ ਗਏ ਸਨ।
ਇਸ ਦੌਰਾਨ ਸੇਵ ਦਾ ਚਿਲਡਰਨ ਦੇ ਜ਼ਿਲ੍ਹਾ ਅਧਿਕਾਰੀ ਮੈਡਮ ਦੇਵਸ਼ੀ ਸਿੰਘ ਨੇ ਸੰਸਥਾ ਵੱਲੋਂ ਪਿਛਲੇ 4 ਸਾਲਾਂ ਦੌਰਾਨ ਬਾਲ ਅਧਿਕਾਰਾਂ ਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਕੀਤੇ ਗਏ ਕੰਮਾਂ ਬਾਰੇ ਵੀ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਬਾਲ ਅਧਿਕਾਰਾਂ ਦੀ ਸੁਰੱਖਿਆ ਤੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਹਿਤ ਪਰਿਯੋਜਨਾ ਤਹਿਤ ਕੀਤੇ ਗਏ ਉਪਰਾਲਿਆਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ ਹੈ।
ਇਸ ਮੌਕੇ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਆਈ ਸਾਰਡ ਦੀ 'ਆਪਣੀ ਕੋਸ਼ਿਸ਼' ਟੀਮ ਵੱਲੋਂ ਬਾਲ ਅਧਿਕਾਰਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਬੱਚਿਆਂ ਦੀ ਪੜ੍ਹਾਈ ਦੀ ਅਹਿਮੀਅਤ ਅਤੇ ਸਵੱਛ ਭਾਰਤ ਮਿਸ਼ਨ ਨੂੰ ਪੇ੍ਰਰਿਤ ਕਰਦੇ ਹੋਏ ਗੀਤ ਅਤੇ ਨੁਕੜ ਨਾਟਕ ਵੀ ਪੇਸ਼ ਕੀਤੇ।
ਇਸ ਮੌਕੇ ਡਾ.ਐਸ.ਐਸ. ਬੱਲ, ਮੈਡਮ ਮਹਿੰਦਰ ਕੌਰ ਵੱਲੋਂ ਵੀ ਬਾਲ ਸੁਰੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਸਾਰਡ ਤੇ ਸੇਵ ਦਾ ਚਿਲਡਰਨ ਵੱਲੋਂ ਕੀਤੇ ਗਏ ਕਾਰਜਾਂ ਤੇ ਉਪਰਾਲਿਆਂ ਦੀ ਸ਼ਲਾਂਘਾ ਕੀਤੀ ਗਈ। ਇਸ ਦੌਰਾਨ ਸੰਸਥਾ ਵੱਲੋਂ ਪਰਿਯੋਜਨਾ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਂਵਾਂ ਅਤੇ ਪਤਵੰਤਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰੀਤੂ ਬਾਲਾ, ਚਾਈਲਡ ਹੈਲਪ ਲਾਈਨ ਮੈਂਬਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸੰਸਥਾਂ ਨਾਲ ਜੁੜੇ ਅਹੁਦੇਦਾਰ ਤੇ ਵਲੰਟੀਅਰ ਤੇ ਪਤਵੰਤੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।