ਜਗਦੀਸ਼ ਥਿੰਦ
ਫਾਜ਼ਿਲਕਾ 21 ਮਾਰਚ 2018 :
ਸੀਨੀਅਰ ਸਿਟੀਜ਼ਨ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ ਇਸ ਮਕਸਦ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੁਧਲ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੌਰਾਨ ਸੀਨੀਅਰ ਸਿਟੀਜਨ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਸੀਨੀਅਰ ਸਿਟੀਜਨ ਦੀ ਭਲਾਈ ਲਈ ਮੌਕੇ 'ਤੇ ਹੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸੀਨੀਅਰ ਸਿਟੀਜਨਜ਼ ਦੀ ਨਿੱਜੀ ਅਤੇ ਜਾਇਦਾਦ ਦੀ ਸੁਰੱਖਿਆ ਸਬੰਧੀ, ਸਿਹਤ ਦੀ ਜਾਂਚ ਪੜ੍ਹਤਾਲ ਬਾਰੇ ਸਹੂਲਤਾਂ ਦੇਣ ਸਬੰਧੀ, ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣ ਬਾਰੇ, ਡੇ-ਕੇਅਰ ਸੈਂਟਰ ਅਤੇ ੳਲਡ ਏਜ ਹੋਮ ਬਣਾਉਣ ਦੇ ਕੰਮ-ਕਾਜ ਨੂੰ ਸਚੁੱਜੇ ਤੇ ਹੋਰ ਬਿਹਤਰ ਢੰਗ ਨਾਲ ਚਲਾਉਣ, ਬੈਂਕਾਂ ਵਿੱਚ ਬਜ਼ੁਰਗਾ ਲਈ ਵੱਖਰੀਆਂ ਲਾਈਨਾਂ ਅਤੇ ਬੈਠਣ ਦੀ ਸੁਵਿਧਾ, ਸੀਨੀਅਰ ਸਿਟੀਜਨਜ ਦੇ ਸਨਾਖਤੀ ਕਾਰਡ ਅਤੇ ਬੁਢਾਪਾ ਪੈਨਸ਼ਨ ਸਬੰਧੀ ਤਰਜੀਹ ਦੇਣ ਬਾਰੇ ਨੁਕਤਿਆ 'ਤੇ ਵਿਚਾਰ-ਵਟਾਦਰਾ ਕੀਤਾ ਗਿਆ। ਇਸ ਮੌਕੇ ਮੋਜੂਦ ਅਧਿਕਾਰੀਆਂ ਕੋਲੋ ਲੋੜੀਂਦੇ ਸੁਝਾਅ ਵੀ ਲਏ ਗਏ।
ਇਸ ਦੋਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਧਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿਚ ਸੀਨੀਅਰ ਨਾਗਰਿਕ ਨੂੰ ਦਫਤਰੀ ਕੰਮ-ਕਾਜ ਦੌਰਾਨ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸੀਨੀਅਰ ਸਿਟੀਜਨਜ਼ ਦੇ ਜਾਇਜ਼ ਦਫਤਰੀ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਅਤੇ ਉਨ੍ਹਾਂ ਨੂੰ ਦਫਤਰਾਂ ਵਿਚ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਨੀਅਰ ਨਾਗਰਿਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ ਸੁਰਿੰਦਰ ਕੁਮਾਰ, ਐਸ.ਪੀ.ਐਚ ਸ੍ਰੀ ਵਿਨੋਦ ਕੁਮਾਰ, ਐਲ.ਡੀ.ਐਮ ਸ੍ਰੀ ਪਰਮਜੀਤ ਕੋਚਰ, ਜ਼ਿਲ੍ਹਾ ਸਮਾਜਿਕ ਸਰੁੱਖਿਆ ਅਫ਼ਸਰ ਸ੍ਰੀ ਮੁਕੇਸ਼ ਗੋਤਮ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਸੁਭਾਸ਼ ਅਰੋੜਾ, ਸੀਨੀਅਰ ਸਿਟੀਜਨ ਅਤੇ ਚੇਅਰਮੈਨ ਆਫੀਸਰ ਐਸੋਸੇਸ਼ਨ ਸ. ਜੇ.ਐਸ. ਸੇਖੋਂ ਮੌਜੂਦ ਸਨ.