ਗੰਧਰਵ ਸੈਨ ਆਪਣੀ ਧੀ ਸੁਰਿੰਦਰ ਕੁਮਾਰੀ ਨਾਲ-ਫਾਈਲ ਫੋਟੋ
ਜਲੰਧਰ , 14 ਮਾਰਚ , 2018 : ਬਜ਼ੁਰਗ ਮਾਰਕਸੀ ਚਿੰਤਕ ਅਤੇ ਕਮਊਨਿਸਟ ਨੇਤਾ ਗੰਧਰਵ ਸੈਨ ਕੋਛੜ ਅਕਾਲ ਚਲਾਣਾ ਕਰ ਗਏ ਹਨ . 100 ਸਾਲਾਂ ਦੇ ਨੇੜੇ ਹੋਏ ਗੰਧਰਵ ਸੇਨ ਅਧਰੰਗ ਦੇ ਦੌਰੇ ਤੋਂ ਬਾਅਦ ਨੂਰਮਹਿਲ ਦੇ ਇੱਕ ਹਸਪਤਾਲ ਵਿਚ ਜ਼ੇਰੇ ਇਲਾਜ ਸਨ .
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੈਨ ਦੇ ਪਰਿਵਾਰਿਕ ਮਿੱਤਰ ਅਤੇ ਪੱਤਰਕਾਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਾਮਰੇਡ ਗੰਧਰਵ ਸੈਨ ਕੋਛੜ ਦੀ ਸਿਹਤ ਦੀ ਹਾਲਤ ਕਾਫ਼ੀ ਪਿਛਲੇ ਦਿਨਾਂ ਤੋਂ ਨਾਜ਼ੁਕ ਬਣੀ ਹੋਈ ਸੀ. ਅੱਜ ਸਵੇਰੇ ਉਹ ਸਾਨੂੰ ਸਦੀਵੀ ਵਿਛੋੜਾ ਦੇਗਏ।
ਉਹਨਾਂ ਨੂੰ ਅਧਰੰਗ ਦਾ ਅਚਨਚੇਤ ਦੌਰਾ ਪੈਣ ਕਾਰਨ ਉਹ ਬੋਲਣ ਅਤੇ ਕੁੱਝ ਖਾਣ ਪੀਣ ਤੋਂ ਅਸਮਰੱਥ ਹੋ ਗਏ ਸਨ। ਬੁਲੰਦ ਹੌਂਸਲੇ ਅਤੇ ਵਿਗਿਆਨਕ ਦ੍ਰਿਸ਼ਟੀ ਨਾਲ ਭਰਪੂਰ ਗੰਧਰਵ ਸੈਨ ਦੀ ਧੀ ਸੁਰਿੰਦਰ ਕੁਮਾਰੀ ਕੋਛੜ ਅਤੇ ਪਰਿਵਾਰ ਦੇ ਵਿਸ਼ਾਲ ਘੇਰੇ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਹਰ ਸੰਭਵ ਯਤਨ ਕੀਤੇ
ਕਿਰਤੀ ਪਾਰਟੀ, ਲਾਲ ਪਾਰਟੀ, ਸੀ.ਪੀ.ਆਈ., ਸੀ.ਪੀ.ਐਮ, ਕਮਿਊਨਿਸਟ ਇਨਕਲਾਬੀ ਪਾਰਟੀ (ਨਕਸਲਬਾੜੀ) ਅਤੇ ਦੇਸ਼ ਭਗਤ ਯਾਦਗਾਰ ਹਾਲ ‘ਚ ਲਾ ਮਿਸਾਲ ਭੂਮਿਕਾ ਅਦਾ ਕਰਦੇ ਆ ਰਹੇ ਕਾਮਰੇਡ ਗੰਧਰਵ ਸੇਨ ਜੀ 100 ਵਰ੍ਹਿਆਂ ਦਾ ਤੁਰਦਾ ਫਿਰਦਾ ਇਤਿਹਾਸ ਸਨ।
ਗੰਧਰਵ ਸੇਨ ਸਾਰੀ ਉਮਰ ਇੱਕ ਇਨਕਲਾਬੀ ਕਾਮਰੇਡ ਵਜੋਂ ਸਰਗਰਮ ਰਹੇ . ਗ਼ਦਰ ਪਾਰਟੀ ਦੀ ਮਸ਼ਾਲ ਲੈ ਕੇ ਆਜ਼ਾਦੀ, ਜਮਹੂਰੀਅਤ ਅਤੇ ਸਾਂਝੀਵਾਲਤਾ ਵਾਲਾ ਨਵਾਂ-ਨਰੋਆ, ਮਿਹਨਤਕਸ਼ਾਂ ਦੀ ਪੁੱਗਤ ਵਾਲਾ ਰਾਜ ਅਤੇ ਸਮਾਜ ਸਿਰਜਣ ਤੁਰੀ ਕਿਰਤੀ ਪਾਰਟੀ ‘ਚ 1929 ਤੋਂ ਲੈ ਕੇ ਅੱਜ ਵੀ ਪੂਰੇ ਸਿਦਕ ਅਤੇ ਸਿਰੜ ਨਾਲ ਇਨਕਲਾਬੀ, ਸਮਾਜਕ ਤਬਦੀਲੀ ਦੇ ਮਹਾਨ ਕਾਜ ਅਤੇ ਮਾਰਕਸੀ ਚਿੰਤਨ ਨੂੰ ਪਰਨਾਏ ਇਹ ਬਜ਼ੁਰਗ ਨੇਤਾ ਆਖ਼ਰੀ ਦਮ ਤੱਕ ਆਸ਼ਾਵਾਦੀ ਰਹੇ . ਸੱਤਵੇਂ ਦਹਾਕੇ ਦੌਰਾਨ ਨਕਸਲਬਾੜੀ ਲਹਿਰ ਦੇ ਚੜ੍ਹਾ ਸਮੇਂ ਉਹ ਕਮਿਊਨਿਸਟ ਇਨਕਲਾਬੀ ਸਫ਼ਾਂ ਦੇ ਮੋਹਰੀ ਚਿੰਤਕ ਵਜੋਂ ਕਾਫ਼ੀ ਚਰਚਿਤ ਰਹੇ .
ਉਹ ਬੁਲੰਦ ਹੌਸਲੇ ਵਾਲੇ ਸਨ ਤੇ ਹਮੇਸ਼ਾ ਹੀ ਸਮਾਜ ਨੂੰ ਅਗਾਂਹਵਧੂ ਵਿਚਾਰ ਦਿੰਦੇ।