ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 13 ਮਾਰਚ 2018:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਰਾਜ ਸਰਕਾਰ ਦੀ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਰਕਾਰੀ ਅਤੇ ਗੈਰ-ਸਰਕਾਰੀ 'ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰਾਂ' (ਨਸ਼ੇ ਦੀ ਬੁਰਾਈ ਦੀ ਰੋਕਥਾਮ ਕਰਨ ਵਾਲੇ ਅਧਿਕਾਰੀ) ਨੂੰ ਪ੍ਰਣ ਵੀ ਦਿਵਾਇਆ ਜਾਵੇਗਾ।
ਅੱਜ ਖਟਕੜ ਕਲਾਂ ਦੇ ਕਮਿਊਨਿਟੀ ਹਾਲ ਵਿਖੇ 23 ਮਾਰਚ ਦੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ 'ਯੁਵਾ ਸਸ਼ਕਤੀਕਰਣ ਦਿਵਸ' ਦੀਆਂ ਤਿਆਰੀਆਂ ਲਈ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਤੋਂ ਬਾਅਦ, ਉਕਤ ਜਾਣਕਾਰੀ ਦਿੰਦਿਆਂ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਮਿਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇਸ਼ ਦੇ ਇਨ੍ਹਾਂ ਮਹਾਨ ਸ਼ਹੀਦਾਂ ਦੇ ਬਲੀਦਾਨ ਦਿਵਸ ਨੂੰ ਪੰਜਾਬ ਦੀ ਨੌਜੁਆਨੀ ਲਈ ਪ੍ਰੇਰਨਾਤਮਕ ਦਿਵਸ ਵਜੋਂ ਮਨਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਨੌਜੁਆਨੀ ਨੂੰ ਸਾਕਾਰਾਤਮਕ ਪਾਸੇ ਵੱਲ ਲਾਉਣ ਲਈ ਆਪਣੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ, ਪੰਜਾਬ ਸਰਕਾਰ ਵੱਲੋਂ ਉਲੀਕੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਨਵੀਂ ਦਿਸ਼ਾ ਦੇਣਗੇ।
ਡਿਪਟੀ ਕਮਿਸ਼ਨਰ ਅਨੁਸਾਰ ਸ਼ਹੀਦੀ ਦਿਹਾੜੇ ਮੌਕੇ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਮਿਊਜ਼ੀਅਮ ਦੇ ਪਹਿਲੇ ਪੜਾਅ ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਊਜ਼ੀਅਮ ਦੀ ਨਵੀਂ ਇਮਾਰਤ ਜਿਸ ਵਿੱਚ ਸ਼ਹੀਦ-ਏ-ਆਜ਼ਮ ਦੇ ਜੀਵਨ ਨਾਲ ਜੁੜੀਆਂ ਗੈਲਰੀਆਂ ਅਤੇ ਪੰਜਾਬ ਦੇ ਮਹਾਨ ਸ਼ਹੀਦਾਂ ਦੀ ਜੰਗ-ਏ-ਅਜ਼ਾਦੀ ਨੂੰ ਦੇਣ ਸਬੰਧੀ ਵਿਸ਼ੇਸ਼ ਉਪਰਾਲੇ 'ਪੰਜਾਬ ਟਾਈਮਲਾਈਨ' ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੀਆਂ, ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਸਾਬਿਤ ਹੋਣਗੀਆਂ।
ਉਨ੍ਹਾਂ ਇਸ ਮੌਕੇ ਐਸ.ਪੀ. (ਡੀ) ਮਨਵਿੰਦਰ ਸਿੰਘ ਨਾਲ ਇਸ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸੁਰੱਖਿਆ ਅਤੇ ਵੱਡੀ ਪੱਧਰ 'ਤੇ ਲੋਕਾਂ ਦੀ ਆਮਦ ਦੇ ਮੱਦੇਨਜ਼ਰ ਕੀਤੇ ਜਾਣ ਵਾਲੇ ਪਾਰਕਿੰਗ ਤੇ ਆਵਾਜਾਈ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਨੂੰ ਸ਼ਹੀਦ-ਏ-ਆਜ਼ਮ ਦੇ ਜੱਦੀ ਪਿੰਡ ਨੂੰ ਨਵਾਂਸ਼ਹਿਰ-ਬੰਗਾ ਰੋਡ ਤੋਂ ਜਾਂਦੀ ਸੜ੍ਹਕ ਦੀ ਨਵਉਸਾਰੀ ਵੀ ਜਲਦ ਮੁਕੰਮਲ ਕਰਨ ਲਈ ਆਖਿਆ।
ਉਨ੍ਹਾਂ ਨੇ ਸਮਗਮ ਦੌਰਾਨ ਲੋਕਾਂ ਦੇ ਬੈਠਣ ਲਈ ਸ਼ਾਮਿਆਨਾ, ਸਟੇਜ, ਪੀਣ ਵਾਲੇ ਪਾਣੀ, ਆਰਜ਼ੀ ਜਨਤਕ ਪਖਾਨਾ ਆਦਿ ਸਹੂਲਤਾਂ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ, ਉਨ੍ਹਾਂ ਦੀ ਸਮਾਗਮ ਵਿੱਚ ਨਿਰਵਿਘਨ ਆਮਦ ਦੇ ਪ੍ਰਬੰਧ ਕਰਨ ਲਈ ਵੀ ਆਖਿਆ।
ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਦੇ ਜੱਦੀ ਪਿੰਡ ਵਿੱਚ ਸਥਿਤ ਪਾਰਕ, ਜੱਦੀ ਘਰ ਆਦਿ ਦੀ ਉਚਿੱਤ ਢੰਗ ਨਾਲ ਸਾਫ਼-ਸਫ਼ਾਈ ਦੇ ਪ੍ਰਬੰਧ ਕਰਵਾਉਣ ਲਈ ਵੀ ਆਖਿਆ। ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਦਾ ਬੁੱਤ ਮਿਊਜ਼ੀਅਮ ਦਾ ਅਗਲਾ ਹਿੱਸਾ ਫ਼ਗਵਾੜਾ-ਰੂਪਨਗਰ ਕੌਮੀ ਮਾਰਗ ਵਿੱਚ ਆ ਜਾਣ ਕਾਰਨ, ਹਟਾ ਕੇ ਪਿੱਛੇ ਸਸ਼ੋਭਿਤ ਕਰ ਦਿੱਤਾ ਗਿਆ ਹੈ ਜਦਕਿ ਮਿਊਜ਼ੀਅਮ ਦੇ ਅੰਦਰੂਨੀ ਅਤੇ ਅਗਲੇ ਹਿੱਸੇ ਦੀ ਸਜਾਵਟ ਦਾ ਕੰਮ ਵੀ 20 ਮਾਰਚ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਏ.ਡੀ.ਸੀ. (ਵਿਕਾਸ) ਦਵਿੰਦਰ ਸਿੰਘ, ਏ.ਡੀ.ਸੀ. (ਜ) ਰਣਜੀਤ ਕੌਰ, ਐਸ.ਪੀ. (ਡੀ) ਮਨਵਿੰਦਰ ਸਿੰਘ, ਐਸ.ਡੀ.ਐਮ. ਬੰਗਾ ਅਦਿਤਿਆ ਉੱਪਲ, ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਅਨਮਜੋਤ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਰਬਜੀਤ ਕੌਰ, ਤਹਿਸੀਲਦਾਰ ਬੰਗਾ ਸੀਸ਼ਪਾਲ, ਬੀ.ਡੀ.ਪੀ.ਓ. ਨੀਰਜ ਸਿਧਾਨ, ਸਰਪੰਚ ਸੁਖਵਿੰਦਰ ਸਿੰਘ ਖਟਕੜ ਕਲਾਂ ਤੇ ਹੋਰ ਅਧਿਕਾਰੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਅਮਿਤ ਕੁਮਾਰ ਖਟਕੜ ਕਲਾਂ ਵਿਖੇ 23 ਮਾਰਚ ਨੂੰ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਪਾਸੋਂ ਜਾਇਜ਼ਾ ਲੈਂਦੇ ਹੋਏ।