ਜਗਦੀਸ਼ ਥਿੰਦ
ਫਾਜ਼ਿਲਕਾ 13 ਮਾਰਚ 2018 :
ਗਿਦੜਬਾਹਾ ਵਿਖੇ 18 ਮਾਰਚ ਨੂੰ ਹੋਣ ਜਾ ਰਹੀ 'ਮੁਕਤਸਰ ਮੈਰਾਥਨ' ਦੀ ਮਹੱਤਤਾ ਨੂੰ ਲੈ ਕੇ ਜ਼ਿਲ੍ਹੇ ਅੰਦਰ ਸਥਾਨਕ ਸਰਕਾਰੀ ਐਮ.ਆਰ.ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਪ੍ਰੋਮੋ ਰਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਮੋ ਰਨ ਵਿੱਚ ਬੱਚਿਆਂ, ਨੌਜਵਾਨਾਂ, ਲੋਕਾਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਿੱਚ ਭਾਰੀ ਮਾਤਰਾ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਮੁਕਤਸਰ ਮੈਰਾਥਨ 'ਚ ਜੇਤੂ ਰਹਿਣ ਵਾਲੇ ਨੌਜਵਾਨਾਂ ਨੂੰ 13 ਲੱਖ ਦੇ ਇਨਾਮ ਵੀ ਦਿੱਤੇ ਜਾਣਗੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਰਣਬੀਰ ਸਿੰਘ ਮੁਧਲ, ਐਸ.ਪੀ.(ਐਚ) ਸ੍ਰੀ ਵਿਨੋਦ ਚੌਧਰੀ, ਸਹਾਇਕ ਕਮਿਸ਼ਨਰ(ਜਨਰਲ) ਸ੍ਰੀ ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ(ਅੰਡਰ ਟ੍ਰੇਨਿੰਗ) ਸ. ਰਣਦੀਪ ਸਿੰਘ ਅਹੀਰ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਜ਼ਿਲ੍ਹਾ ਖੇਡ ਅਫਸਰ ਸ. ਬਲਵੰਤ ਸਿੰਘ, ਇਵੈਂਟ ਕੰਸਲਟੈਂਟ ਸ੍ਰੀ ਸਿਧਾਰਥ ਚੌਧਰੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਸਕੂਲੀ ਵਿਦਿਆਰਥੀਆਂ ਤੇ ਸਮਾਜ ਸੇਵੀਆਂ ਵੱਲੋਂ ਵੀ ਦੌੜ ਲਗਾਈ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾ ਪੀੜੀ ਨੂੰ ਨਸ਼ੇ ਦੀ ਬੁਰੀ ਲੱਤ ਤੋਂ ਦੂਰ ਲਿਜਾਣ ਲਈ ਸੂਬਾ ਸਰਕਾਰ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਸਦਕਾ ਇਹ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ। ਪ੍ਰੋਮੋ ਰਨ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਗਿਦੜਬਾਹਾ ਵਿਖੇ ਹੋਣ ਵਾਲੀ ਮੁਕਤਸਰ ਮੈਰਾਥਨ 'ਚ ਵੱਧ ਚੜ੍ਹ ਦੇ ਹਿੱਸਾ ਲਿਆ ਜਾਵੇ।
ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ ਕਿ ੲਸ ਦੇ ਨਾਲ-ਨਾਲ 23 ਮਾਰਚ ਨੂੰ ਸ਼ਹੀਦੇ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਦਿਵਸ ਮੌਕੇ ਜ਼ਿਲ੍ਹੇ ਅੰਦਰ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਾ ਹੈ। ਇਸ ਮੁਹਿੰਮ ਦੌਰਾਨ ਡਰੱਗ ਅਬਊਜ਼ ਪ੍ਰੀਵੈਨਸ਼ਨ ਆਫੀਸਰ(ਡੈਪੋ) ਫਾਰਮ ਭਰੇ ਜਾਣਗੇ ਜਿਸ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ, ਜ਼ਿਲ੍ਹਾ ਵਾਸੀਆਂ ਤੇ ਹਰ ਇਕ ਵਿਅਕਤੀ ਨੂੰ ਡੈਪੋ ਬਣਨ ਲਈ ਕਿਹਾ ਗਿਆ ਹੈ। ਇਹ ਫਾਰਮ ਸੇਵਾ ਕੇਂਦਰ ਜਾਂ ਸਾਂਝ ਕੇਂਦਰ ਵਿਚੋਂ ਮਿਲਣਗੇ ਅਤੇ 20 ਮਾਰਚ ਤੱਕ ਇਥੇ ਹੀ ਜਮ੍ਹਾਂ ਹੋਣਗੇ। ਇਸ ਵਿੱਚ ਜੋ ਵਿਅਕਤੀ ਡੈਪੋ ਬਣੇਗਾ ਉਹ ਨਾ ਹੀ ਖੁਦ ਨਸ਼ਾ ਕਰੇਗਾ ਤੇ ਲੋਕਾਂ ਨੂੰ ਨਸ਼ਾ ਨਾ ਕਰਨ ਲਈ ਜਾਗਰੂਕ ਕਰੇਗਾ।