ਜੀ ਐੱਸ ਪੰਨੂ
ਪਟਿਆਲਾ, 26 ਫਰਵਰੀ 2018 :
ਬਾਰਾਂਦਰੀ ਬਾਗ ਵਿਖੇ ਫੁੱਲਾਂ ਦੀ ਪ੍ਰਦਰਸ਼ਨੀ ਵਿਚ ਵੱਖ-ਵੱਖ ਵਰਗਾਂ ਦੀਆਂ 1008 ਐਟਰੀਆਂ ਪੁਜੀਆਂ ਜਿਹਨਾਂ ਵਿੱਚ ਪਹਿਲੇ ਤੇ ਦੂਸਰੇ ਸਥਾਨ ਤੇ ਆਉਣ ਵਾਲਿਆ ਨੂੰ ਪੁਰਸਕਾਰ ਵੀ ਵੰਡੇ ਗਏ। ਇਸ ਮੌਕੇ ਬਣਾਏ ਫੂਡ ਕੋਰਟ ਵਿੱਚ ਵੱਖ-ਵੱਖ ਤਰਾ ਦੇ ਪਕਵਾਨ ਵੀ ਖਿਚ ਦਾ ਕੇਂਦਰ ਰਹੇ। ਫੁੱਲਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕੀਤਾ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਵਿਰਾਸਤੀ ਉਤਸਵ ਸਾਡੀ ਨੌਜਵਾਨ ਪੀੜੀ ਨੂੰ ਪਟਿਆਲਾ ਦੀ ਵਡਮੁੱਲੀ ਵਿਰਾਸਤ ਤੇ ਪਟਿਆਲਾ ਸ਼ਹਿਰ ਦੀਆਂ ਇਤਿਹਾਸਕ ਥਾਵਾਂ ਦੇ ਇਤਿਹਾਸ ਬਾਰੇ ਜਾਣੂ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ , ਫੁੱਲ ਜਿਥੇ ਮਨੁੱਖੀ ਜਿੰਦਗੀ ਦਾ ਅਹਿਮ ਹਿੱਸਾ ਹਨ ਉਥੇ ਹੀ ਵਾਤਾਵਰਨ ਨੂੰ ਹਰਿਆ ਭਰਿਆ ਤੇ ਸੁੰਦਰ ਰੱਖਣ 'ਚ ਵੱਡਾ ਯੋਗਦਾਨ ਪਾਉਂਦੇ ਹਨ। ਉਹਨਾਂ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਰਵਾਇਤੀ ਖੇਤੀਬਾੜੀ ਦੇ ਨਾਲ-ਨਾਲ ਫੁੱਲਾਂ ਦੀ ਖੇਤੀ ਨੂੰ ਵੀ ਤਰਜੀਹ ਦੇਣ।
ਪ੍ਰਦਰਸ਼ਨੀ ਵਿੱਚ ਪਟਿਆਲਾ, ਸ਼੍ਰੀ ਫਤਹਿਗੜ ਸਾਹਿਬ ਤੇ ਸੰਗਰੂਰ ਦੇ ਕਿਸਾਨਾਂ, ਨਰਸਰੀਆਂ ਤੇ ਆਮ ਲੋਕ ਵੱਲੋਂ ਲਿਆਂਦੇ ਕੱਟ ਫਲਾਵਰ, ਫੁੱਲਾਂ ਦੇ ਗਹਿਣੇ, ਕੈਕਟਸ, ਸਾਕੂਲੈਟਸ, ਬੋਕਸਾਈ ਪਲਾਂਟ ਅਤੇ ਵੱਖ-ਵੱਖ ਸਜਾਵਟੀ ਗਮਲਿਆਂ ਵਿੱਚ ਲਗਾਏ ਫੁੱਲਾਂ ਨੂੰ ਗਹੂ ਨਾਲ ਵੇਖਿਆ। ਉਹਨਾਂ ਇਸ ਮੌਕੇ ਕਲਾ ਸੰਗਮ ਵੱਲੋਂ ਲਗਾਈ ਚਿੱਤਰਾਂ ਦੀ ਪ੍ਰਦਰਸ਼ਨੀ, ਸ਼੍ ਕੇ.ਕੇ. ਸੇਖੋਂ ਦੇ ਐਟੀਕ ਮਿਊਜੀਅਮ, ਪਲਾਂਟਸਮੈਨ ਸੀਡਜ, ਸ਼ੇਰਗਿੱਲ ਐਗਰੀਕਲਚਰ ਫਾਰਮ, ਮੰਜਾਲ, ਅਮੋਲਕ ਹਨੀ ਅਤੇ ਪੰਜਾਬ ਆਰਗੈਨਿਕ ਵੈਜ ਐਂਡ ਫਰੂਟ ਪ੍ਰੋਡਿਉਸ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਵੀ ਕੀਤਾ।
ਨਗਰ ਨਿਗਮ ਸਮੇਤ ਹੋਰ ਕਈ ਵਿਅਕਤੀਆਂ ਵੱਲੋਂ ਪੁਰਾਣੇ ਸਮਾਨ ਨਾਲ ਤਿਆਰ ਕੀਤੇ ਗਮਲਿਆਂ ਵਿੱਚ ਲਗਾਏ ਵੱਖ-ਵੱਖ ਕਿਸਮਾਂ ਦੇ ਫੁੱਲ ਵੀ ਖਿੱਚ ਦਾ ਕੇਂਦਰ ਸਨ। ਇਸ ਮੌਕੇ ਮਾਊਟ ਲਿਟਰਾ ਸਕੂਲ ਦੇ ਬੱਚਿਆਂ ਨੇ ਬੈਂਡ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਫਲਾਵਰ ਸ਼ੋਅ ਵਿੱਚ ਵਿਸ਼ੇਸ਼ ਤੌਰ 'ਤੇ ਪੁਜੇ ਜ਼ਿਲਾ ਤੇ ਸ਼ੈਸ਼ਨ ਜੱਜ ਸ਼੍ਰੀ ਸੰਜੀਵ ਬੇਰੀ ਦੀ ਧਰਮ ਪਤਨੀ ਸ਼੍ਰੀਮਤੀ ਅੰਜਲੀ ਬੇਰੀ, ਡਵੀਜ਼ਨਲ ਕਮਿਸ਼ਨਰ ਸ਼੍ਰੀ ਵੀ. ਕੇ. ਮੀਨਾ ਦੇ ਧਰਮ ਪਤਨੀ ਸ਼੍ਰੀਮਤੀ ਕ੍ਰਿਸ਼ਨਾ ਮੀਨਾ, ਆਈ.ਜੀ. ਸ਼੍ਰੀ ਏ.ਐਸ. ਰਾਏ ਦੇ ਧਰਮ ਪਤਨੀ ਸ਼੍ਰੀਮਤੀ ਅਨੂ ਰਾਏ, ਐਸ.ਐਸ.ਪੀ. ਡਾ: ਐਸ. ਭੂਪਤੀ ਦੇ ਧਰਮ ਪਤਨੀ ਸ਼੍ਰੀਮਤੀ ਕ੍ਰਿਤਿਕ ਭੂਪਤੀ, ਡੀ.ਆਈ.ਜੀ. ਡਾ: ਸੁਖਚੈਨ ਸਿੰਘ ਗਿੱਲ ਦੇ ਧਰਮ ਪਤਨੀ ਡਾ: ਮਨਜਿੰਦਰ ਕੌਰ ਗਿੱਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਸ਼੍ਰੀਮਤੀ ਪਰਨੀਤ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।
ਇਸ ਮੌਕੇ ਵਿਧਾਇਕ ਘਨੌਰ ਸ਼੍ਰੀ ਮਦਨ ਲਾਲ ਜਲਾਲਪੁਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮਿਤਪ੍ਰਤਾਪ ਸਿੰਘ ਹਨੀ ਸੇਖੋਂ ਸਮੇਤ ਵੱਡੀ ਗਿਣਤੀ ਵਿੱਚ ਪਟਿਆਲਾ, ਸ਼੍ਰੀ ਫਤਹਿਗੜ ਸਾਹਿਬ ਤੇ ਸੰਗਰੂਰ ਜ਼ਿਲੈ ਦੇ ਵਸਨੀਕ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੀ ਹਾਜਰ ਸਨ।