ਜੀ ਐੱਸ ਪੰਨੂ
ਪਟਿਆਲਾ, 25 ਫਰਵਰੀ 2018 :
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੀਚੇਵਾਲ ਮਾਡਲ ਰਾਂਹੀ ਪੰਜਾਬ ਦੇ ਪਿੰਡਾਂ ਦੇ ਛੱਪੜਾਂ ਦੀ ਹਾਲਤ ਨੂੰ ਸੁਧਾਰ ਕੇ ਇਹਨਾਂ ਵਿੱਚਲੇ ਪਾਣੀ ਨੂੰ ਸਿੰਚਾਈ ਲਈ ਵਰਤੋਂ ਯੋਗ ਬਣਾਉਣ ਦਾ ਬੀੜਾ ਚੁੱਕਦਿਆਂ ਹਰੇਕ ਬਲਾਕ ਦੇ ਦੋ ਦੋ ਪਿੰਡਾਂ ਦੇ ਛੱਪੜਾਂ ਨੂੰ ਸੁਧਾਰਨ ਦਾ ਫੈਸਲਾ ਲਿਆ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ, ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪਿੰਡਾਂ ਦੇ ਛੱਪੜਾਂ ਦੇ ਪਾਣੀ ਦੇ ਪ੍ਰਦੂਸ਼ਣ ਅਤੇ ਗੈਰ ਕਾਨੂੰਨੀ ਨਿਕਾਸੀ ਦੀਆਂ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ । ਇਹਨਾਂ ਛੱਪੜਾਂ ਦਾ ਦੂਸ਼ਿਤ ਪਾਣੀ ਪਿੰਡ ਦੇ ਜ਼ਮੀਨ ਦੋਜ਼ ਪਾਣੀਆਂ ਦੀ ਕੁਆਲਿਟੀ ਵਿਗਾੜਨ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਰਿਹਾ ਹੈ।
ਉਹਨਾਂ ਦੱਸਿਆ ਕਿ ਪਿੰਡ ਸੀਚੇਵਾਲ ਦਾ ਛੱਪੜ ਸੁਧਾਰ ਮਾਡਲ ਇੱਕ ਬਹੁਤ ਹੀ ਸਰਲ ਅਤੇ ਵਿਗਿਆਨਿਕ ਤਕਨੀਕ ਤੇ ਆਧਾਰਿਤ ਉਸਾਰਿਆ ਗਿਆ ਟਰੀਟਮੈਂਟ ਸਿਸਟਮ ਹੈ ਜੋ ਬਹੁਤ ਘੱਟ ਕੀਮਤ ਨਾਲ ਬਣਾਇਆ ਜਾ ਸਕਦਾ ਹੈ । ਇਸ ਮਾਡਲ ਨੂੰ ਪੰਜਾਬ ਦੇ ਹੋਰ ਪਿੰਡਾਂ ਵਿਚ ਛੱਪੜਾਂ ਦੀ ਹਾਲਤ ਸੁਧਾਰਨ ਹਿੱਤ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਸਹਿਯੋਗ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਹਰੇਕ ਬਲਾਕ ਦੇ ਦੋ ਪਿੰਡ, ਜਿਨ੍ਹਾਂ ਕੋਲ ਫੰਡ ਮੌਜੂਦ ਹਨ, ਦੀ ਲਿਸਟ ਤਿਆਰ ਕੀਤੀ ਗਈ ਹੈ ਜਿਥੇ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਮਦਦ ਨਾਲ, ਪ੍ਰਦੂਸ਼ਣ ਕੰਟਰੋਲ ਬੋਰਡ ਦੀ ਦੇਖ ਰੇਖ ਹੇਠ ਇਹਨਾਂ ਪਿੰਡਾਂ ਦੇ ਛੱਪੜਾਂ ਦਾ ਸੁਧਾਰ ਕਰਕੇ ਸੋਧੇ ਪਾਣੀ ਨੂੰ ਖੇਤੀਬਾੜੀ ਲਈ ਮੁੜ ਵਰਤੋਂ ਦੇ ਯੋਗ ਬਣਾਇਆ ਜਾਵੇਗਾ ਅਤੇ ਹਰੇਕ ਬਲਾਕ ਦੇ ਇਹ ਦੋ ਦੋ ਪਿੰਡ ਬਾਕੀ ਪੰਚਾਇਤਾਂ ਲਈ ਜਿਥੇ ਮਾਰਗ ਦਰਸ਼ਕ ਹੋਣਗੇ, ਉੱਥੇ ਛੱਪੜਾਂ ਦੀ ਕਾਇਆ ਕਲਪ ਹੋਣ ਦੇ ਨਾਲ ਨਾਲ ਸੋਧੇ ਪਾਣੀ ਦੀ ਖੇਤੀ ਲਈ ਮੁੜ ਵਰਤੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਸਾਧਨ ਵੀ ਬਣੇਗੀ ।