ਜੀ ਐੱਸ ਪੰਨੂ
ਪਟਿਆਲਾ 22 ਫਰਵਰੀ 2018 :
9 ਸਾਲਾਂ ਤੋਂ ਠੇਕੇਦਾਰੀ ਪ੍ਰਥਾ ਦੀ ਮਾਰ ਸਹਿੰਦੇ ਆ ਰਹੇ ਐੱਸ.ਐੱਸ.ਏ/ਰਮਸਾ ਅਧਿਆਪਕਾਂ ਵੱਲੋਂ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਾ ਕੀਤੇ ਜਾਣ, ਪਿਛਲੀ ਸਰਕਾਰ ਸਮੇਂ ਪਾਏ ਝੂਠੇ ਪੁਲਿਸ ਕੇਸ ਰੱਦ ਨਾ ਕੀਤੇ ਜਾਣ,ਪਿਛਲੇ ਕਈ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਥਾਨਕ ਜਿਲ੍ਹਾ ਸਿੱਖਿਆ ਦਫ਼ਤਰ ਦੇ ਬਾਹਰ ਰੋਸ ਧਰਨਾ ਦੇਣ ਉਪਰੰਤ ਸਥਾਨਕ ਫੁਆਰਾ ਚੌਕ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਚੋਣ ਵਾਅਦਿਆਂ ਦੀ ਪੰਡ ਫੂਕੀ ਗਈ ।
ਜਥੇਬੰਦੀ ਦੇ ਸੂਬਾ ਐਕਸ਼ਨ ਕਮੇਟੀ ਮੈਂਬਰ ਹਰਦੀਪ ਟੋਡਰਪੁਰ ਅਤੇ ਜਿਲ੍ਹਾ ਪ੍ਰਧਾਨ ਭਰਤ ਕੁਮਾਰ ਨੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਨੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਜੋ ਕਾਨੂੰਨ ਪਾਸ ਕੀਤਾ ਸੀ ਉਸਨੂੰ ਕੈਪਟਨ ਸਰਕਾਰ ਨੇ ਸੱਤਾ ਆਉਣ ਦੇ ਇੱਕ ਸਾਲ ਬਾਅਦ ਵੀ ਲਾਗੂ ਨਹੀਂ ਕੀਤਾ ਜਿਸ ਕਾਰਨ ਅਧਿਆਪਕ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਪੈਦਾ ਹੋਇਆ ਹੈ ।
ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਰੱਖੜਾ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਦੀਆਂ ਰੈਲੀਆਂ/ਧਰਨਿਆਂ ਵਿੱਚ ਆਪ ਜਾ ਕੇ ਭਰੋਸਾ ਦਿੰਦੇ ਸਨ ਕਿ ਕਾਂਗਰਸ ਸਰਕਾਰ ਬਣਨ ਦੇ ਇੱਕ ਮਹੀਨੇ ਅੰਦਰ ਅੰਦਰ ਉਨ੍ਹਾਂ ਦੇ ਸਭ ਮਸਲੇ ਹੱਲ ਕਰ ਦਿੱਤੇ ਜਾਣਗੇ ਹੁਣ ਇਕ ਸਾਲ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਦੇ ਮਸਲੇ ਹੱਲ ਕਰਨੇ ਤਾਂ ਦੂਰ ਸਗੋਂ ਵਾਰ ਵਾਰ ਸਮਾਂ ਮੰਗਣ ਤੇ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਨਹੀਂ ਦਿਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਇਸ ਗੂੰਗੀ ਬੋਲੀ ਸਰਕਾਰ ਦੇ ਕੰਨੀ ਆਪਣੀਆਂ ਮੰਗਾਂ ਦੀ ਗੂੰਜ ਪਹੁੰਚਾਉਣ ਲਈ 10 ਮਾਰਚ ਨੂੰ ਪਟਿਆਲਾ ਵਿਖੇ ਹੋਣ ਵਾਲੀ ਸਟੇਟ ਪੱਧਰੀ ਰੈਲੀ ਵਿੱਚ ਪੂਰੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਮੂਲੀਅਤ ਕਰਨਗੇ।ਇਸ ਸਬੰਧ ਵਿਚ ਐੱਸ ਡੀ ਐੱਮ ਨੂੰ ਫੁਹਾਰਾ ਚੋਕ ਬੁਲਾ ਕੇ ਮੇਮਰੋਡਮ ਦਿੱਤਾ। ਰਾਜਾ ਵੀ ਆਪਣੀ ਪਰਜਾ ਨੂੰ ਮਿਲ ਲੈਂਦਾ ਹੈ।
ਇਸ ਮੌਕੇ ਡੀ.ਟੀ. ਐਫ. ਦੇ ਵਿਕਰਮਦੇਵ,ਅਤਿੰਦਰਪਾਲ ਤੋਂ ਇਲਾਵਾ ਜਥੇਬੰਦੀ ਦੇ ਮੀਤ ਪ੍ਰਧਾਨ ਜੀਵਨਜੋਤ ਸਿੰਘ,ਪ੍ਰੈਸ ਸਕੱਤਰ ਗਗਨ ਰਾਣੂ,ਹਰਮਿੰਦਰ ਸਮਾਣਾ,ਸਤਪਾਲ ਸਮਾਣਾ,ਕਮਲਜੀਤ ਸਿੰਘ,ਜਤਿੰਦਰ ਰਾਜਪੁਰਾ,ਰਾਜ ਕੁਮਾਰ,ਗੁਰਜੀਤ ਘੱਗਾ,ਬਖਸ਼ੀਸ਼ ਸਿੰਘ,ਮੁਕੇਸ਼ ਕੁਮਾਰ,ਹਰਦੀਪ ਸੋਗਲਪੁਰ,ਗਗਨ ਕਾਠਮੱਠੀ,ਚਮਕੌਰ ਸਿੰਘ,ਹਰਵਿੰਦਰ ਬੇਲੂਮਾਜਰਾ,ਮੈਡਮ ਨਵਲਦੀਪ ਸ਼ਰਮਾ,ਮਨਦੀਪ ਕੌਰ,ਕਿਰਨ ਬਾਲਾ ਆਦਿ ਵੀ ਹਜਾਰ ਸਨ ।