ਪੀ. ਆਰ. ਟੀ. ਸੀ. ਚੇਅਰਮੈਨ ਕੇ. ਕੇ. ਸ਼ਰਮਾ
ਜੀ ਐੱਸ ਪੰਨੂ
ਪਟਿਆਲਾ, 22 ਫਰਵਰੀ 2018 :
ਐਸੋਸੀਏਸ਼ਨ ਆਫ ਸਟੇਟ ਰੋਡ ਟਰਾਂਸਪੋਰਟ ਅੰਡਰਟੇਕਿੰਗ (ਏ. ਐਸ. ਆਰ. ਟੀ. ਯੂ.) ਨੇ ਆਪਣੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਪੀ. ਆਰ. ਟੀ. ਸੀ. ਨੂੰ ਪ੍ਰਤੀ ਬੱਸ ਵੱਧ ਐਫੀਸੀਐਂਸੀ ਦੇਣ ਵਾਲੀ ਕਾਰਪੋਰੇਸ਼ਨ ਲਈ ਚੁਣਿਆ ਗਿਆ ਹੈ। ਇਸ ਲਈ ਪੀ. ਆਰ. ਟੀ. ਸੀ. ਨੂੰ ਪ੍ਰੋਡਕਟੀਵਿਟੀ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਹ ਐਵਾਰਡ ਐਸੋਸੀਏਸ਼ਨ ਦੀ ਦਿੱਲੀ ਵਿਖੇ 27 ਫਰਵਰੀ 2018 ਨੂੰ ਹੋਣ ਵਾਲੀ 62ਵੀਂ ਸਾਲਾਨਾ ਕਾਨਫਰੰਸ ਦੌਰਾਨ ਦਿੱਤਾ ਜਾਵੇਗਾ, ਜਿਸ ਵਿਚ ਹਰ ਸੂਬੇ ਦੀਆਂ ਜਨਤਕ ਟਰਾਂਸਪੋਰਟ ਕੰਪਨੀਆਂ ਦੇ ਚੇਅਰਮੈਨ ਅਤੇ ਐਮ. ਡੀ. ਸ਼ਿਰਕਤ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੀ ਇਕ ਬੱਸ ਪਹਿਲਾਂ 321.19 ਕਿਲੋਮੀਟਰ ਦਾ ਰਸਤਾ ਤੈਅ ਕਰਦੀ ਸੀ ਜਦੋਂ ਕਿ ਹੁਣ 329.61 ਕਿਲੋਮੀਟਰ ਰੋਜ਼ਾਨਾ ਰਸਤਾ ਤੈਅ ਕਰਦੀ ਹੈ ਜੋ ਕਿ ਦੇਸ਼ ਦੇ ਹੋਰ ਰਾਜਾਂ ਦੀਆਂ ਸਮੁੱਚੀਆਂ ਜਨਤਕ ਟਰਾਂਸਪੋਰਟ ਕਾਰਪੋਰੇਸ਼ਨਾਂ ਤੋਂ ਜ਼ਿਆਦਾ ਹੈ।
ਇਸ ਤੋਂ ਇਲਾਵਾ ਪੀ. ਆਰ. ਟੀ. ਸੀ. ਦੇ ਖਰਚੇ ਘਟਾ ਕੇ ਇਸ ਨੂੰ ਪਰਾਫਿਟ ਵਿਚ ਲਿਆਉਣ ਦੀ ਵੀ ਏ. ਐਸ. ਆਰ. ਟੀ. ਯੂ. ਨੇ ਸ਼ਲਾਘਾ ਕੀਤੀ ਹੈ। ਉਨਾਂ ਇਸ ਲਈ ਪੀ. ਆਰ. ਟੀ. ਸੀ. ਦੇ ਐਮ. ਡੀ. ਮਨਜੀਤ ਸਿੰਘ ਨਾਰੰਗ ਅਤੇ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਅਫਸਰਾਂ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕੀਤਾ, ਜਿਸ ਦਾ ਫਾਇਦਾ ਪੀ. ਆਰ. ਟੀ. ਸੀ. ਅਤੇ ਪੰਜਾਬ ਨੂੰ ਮਿਲਿਆ। ਪੀ. ਆਰ. ਟੀ. ਸੀ. ਵਲੋਂ ਆਪਣੀ ਫਲੀਟ ਵਿਚ ਨਵੀਆਂ ਬੱਸਾਂ ਸ਼ਾਮਲ ਕਰ ਲਈਆਂ ਗਈਆਂ ਹਨ। ਪੀ. ਆਰ. ਟੀ. ਸੀ. ਦੇਸ਼ ਦੀ ਪਹਿਲੀ ਅਜਿਹੀ ਟਰਾਂਸਪੋਰਟ ਕੰਪਨੀ ਬਣ ਗਈ ਹੈ, ਜਿਸ ਵਿਚ ਪੁਰਾਣੀਆਂ ਬੱਸਾਂ ਦੀ ਬਜਾਏ ਸਮੁੱਚੀਆਂ ਬੱਸਾਂ ਨਵੀਆਂ ਪਾ ਦਿੱਤੀਆਂ ਗਈਆਂ ਹਨ।
ਜਿਥੇ ਬਾਦਲ ਸਰਕਾਰ ਵਿਚ 10 ਸਾਲ ਪੀ. ਆਰ. ਟੀ. ਸੀ. ਆਰਥਿਕ ਮੰਦਹਾਲੀ ਨਾਲ ਜੂਝਦੀ ਰਹੀ ਅਤੇ ਬਾਦਲ ਸਰਕਾਰ ਪੀ. ਆਰ. ਟੀ. ਸੀ. ਨੂੰ ਬੰਦ ਕਰਨ ਬਾਰੇ ਸੋਚਦੀ ਰਹੀ, ਉਥੇ ਹੀ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਦੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਘਾਟੇ ਵਿਚ ਚੱਲ ਰਹੀ ਸੀ, ਉਥੇ ਹੀ ਕਾਂਗਰਸ ਸਰਕਾਰ ਦੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਪੀ. ਆਰ. ਟੀ. ਸੀ. ਨੂੰ ਕੌਮੀ ਪੱਧਰ ਦਾ ਐਵਾਰਡ ਮਿਲਣ ਜਾ ਰਿਹਾ ਹੈ।