ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 21 ਫ਼ਰਵਰੀ 2018 :
ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਡਾ. ਨਾਨਕ ਸਿੰਘ ਆਈ.ਪੀ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਦੀਪਕ ਪਾਰੀਕ ਆਈ.ਪੀ.ਐੱਸ., ਐੱਸ.ਪੀ. ਹੈੱਡਕੁਆਟਰ ਦੀ ਅਗਵਾਈ ਹੇਠ ਜਿੱਥੇ ਟ੍ਰੈਫ਼ਿਕ ਨਿਯਮਾਂ ਸਬੰਧੀ ਵੱਖ ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ 'ਚ ਜਾਗਰੂਕਤਾ ਲਿਆਉਣ ਲਈ ਸੈਮੀਨਾਰ ਲਗਾਏ ਜਾਂਦੇ ਹਨ। ਉੱਥੇ ਹੀ ਵਹੀਕਲ ਮਾਲਕਾਂ ਨੂੰ ਸੁਰੱਖਿਅਤ ਪਹੁੰਚਾਉਣ ਲਈ ਹਰ ਸੰਭਵ ਮਦਦ ਦੇਣ ਲਈ ਸਹਾਇਤਾ ਕਰਦੇ ਹਨ। ਇਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਟਰੈਕਟਰ ਟਰਾਲੀ ਅਤੇ ਹੋਰ ਭਾਰ ਢੋਣ ਵਾਲੇ ਵਹੀਕਲ ਚਾਲਕਾਂ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਵਹੀਕਲਾਂ ਦੇ ਪਿੱਛੇ ਰਿਫ਼ਲੈਕਟਰ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਰਾਤ ਸਮੇਂ ਹੋਣ ਵਾਲੀਆਂ ਦੁਰਘਟਨਾਵਾਂ ਵਿਚ ਠੱਲ੍ਹ ਪਾਈ ਜਾ ਸਕੇ।
ਐੱਸ.ਪੀ. ਹੈੱਡਕੁਆਟਰ ਸ੍ਰੀ ਦੀਪਕ ਪਰੀਕ ਵੱਲੋਂ ਸਾਦਿਕ ਰੋਡ ਵਿਖੇ ਏ-ਵਨ ਡਾਈਗਨੋਸਿਸ ਸੈਂਟਰ ਐਂਡ ਹੋਪ ਇੰਮੈਜਿੰਗ ਦੇ ਸਹਿਯੋਗ ਦੇ ਨਾਲ ਵੱਖ ਵੱਖ ਵਹੀਕਲਾਂ ਦੇ ਪਿੱਛੇ ਰਿਫ਼ਲੈਕਟਰ ਲਗਾਏ ਅਤੇ ਟਰੈਕਟਰ-ਟਰਾਲੀਆਂ ਦੇ ਪਿੱਛੇ ਪੁਰਾਣੀਆਂ ਅਤੇ ਨਕਾਰਾ ਹੋ ਚੁੱਕੀਆਂ ਸੀਡੀਆਂ ਲਗਾ ਕੇ ਇੱਕ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਲੋਕਾਂ ਅਤੇ ਜ਼ਿਲ੍ਹੇ ਦੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਹੀਕਲਾਂ ਦੇ ਪਿੱਛੇ ਰਿਫ਼ਲੈਕਟਰ ਲਗਾਉਣ ਸਬੰਧੀ ਚੱਲ ਰਹੀ ਮੁਹਿੰਮ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਚਾਲਕਾਂ ਨੂੰ ਵੀ ਕਿਹਾ ਕਿ ਤੇਜ਼ ਰਫ਼ਤਾਰ ਤੋਂ ਬਚਿਆ ਜਾਵੇ ਅਤੇ ਜਦੋਂ ਵੀ ਸੜਕ ਕਿਨਾਰੇ ਗੱਡੀ ਪਾਰਕ ਕਰਨੀ ਹੈ ਤਾਂ ਗੱਡੀ ਸੜਕ ਤੋਂ ਥੱਲੇ ਉਤਾਰ ਕੇ ਪੀਲੀਆਂ ਇਸ਼ਾਰਾ ਲਾਈਟਾਂ ਦੀ ਵਰਤੋਂ ਜ਼ਰੂਰ ਕਰੋ।
ਇਸ ਇਸ ਮੌਕੇ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਸਿਟੀ ਟ੍ਰੈਫ਼ਿਕ 1 ਦੇ ਇੰਚਾਰਜ ਸੁਖਜਿੰਦਰ ਸਿੰਘ ਬੇਦੀ, ਡਾ. ਸਤਵੰਤ ਸਿੰਘ, ਡਾ. ਸ਼ਮਿੰਦਰ ਸਿੰਘ, ਡਾ. ਹਰਵਿੰਦਰ ਸਿੰਘ, ਸਹਾਰਾ ਸੰਸਥਾ ਦੇ ਚੇਅਰਮੈਨ ਪ੍ਰਵੀਨ ਕਾਲਾ, ਜਸਬੀਰ ਸਿੰਘ ਢਿੱਲੋਂ ਪ੍ਰਬੰਧਕ, ਸੁਰਜੀਤ ਸਿੰਘ, ਰਵਿੰਦਰ ਸਿੰਘ ਬੇਦੀ ਮੈਨੇਜਰ, ਗੁਰਪ੍ਰੀਤ ਸਿੰਘ, ਗੁਰਸਿਮਰ ਸਿੰਘ, ਜਸਵਿੰਦਰ ਸਿੰਘ ਬਰਾੜ, ਡਾ. ਸੰਜੀਵ ਗੁਪਤਾ, ਵਰਿੰਦਰ ਚਾਵਲਾ, ਠੇਕੇਦਾਰ ਕਰਮ ਸਿੰਘ ਤੋਂ ਇਲਾਵਾ ਟ੍ਰੈਫ਼ਿਕ ਵਿਭਾਗ ਦੇ ਹੈੱਡ ਕਾਂਸਟੇਬਲ ਬਲਕਾਰ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ ਡੋਡ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।