ਚੰਡੀਗੜ੍ਹ, 21 ਫਰਵਰੀ 2018 :
ਸਥਾਨਕ ਯੂਨੀਵਰਸਲ ਗਰੁੱਪ ਵੱਲੋਂ ਵਿਸ਼ਵ ਸੋਸ਼ਲ ਜਸਟਿਸ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਟ੍ਰਾਈ ਸਿਟੀ ਚੰਡੀਗੜ੍ਹ ਦੇ ਵੱਖ-ਵੱਖ ਭਾਗਾਂ ਵਿਚ 5 ਰੈਲੀਆਂ ਕੱਢੀਆਂ ਗਈਆਂ। ਪਹਿਲੀ ਰੈਲੀ ਵਿਦਿਆਰਥੀਆਂ ਵੱਲੋਂ ਲਾਲੜੂ ਸਥਿਤ ਕਾਲਜ ਕੈਂਪਸ ਤੋਂ ਕੱਢੀ ਗਈ , ਜਦੋਂਕਿ ਦੂਜੀ ਰੈਲੀ ਸੈਕਟਰ-17 ਚੰਡੀਗੜ੍ਹ, ਤੀਜੀ ਰੈਲੀ ਸੈਕਟਰ-34 ਤੋਂ ਜਦੋਂ ਕਿ ਚੌਥੀ ਰੈਲੀ ਸੈਕਟਰ-43 ਡਿਸਟ੍ਰਿਕਟ ਅਦਾਲਤ ਅਤੇ ਪੰਜਵੀਂ ਰੈਲੀ ਸੁਖਨਾ ਝੀਲ ਤੋਂ ਕੱਢੀ ਗਈ ।
ਇਸ ਮੌਕੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਖੇਡ ਕੇ ਲੋਕਾਂ ਨੂੰ ਵਿਸ਼ਵ ਸੋਸ਼ਲ ਜਸਟਿਸ ਦਿਵਸ ਮਨਾਉਣ ਦੇ ਉਦੇਸ਼ ਤੋਂ ਜਾਣੂ ਕਰਵਾਇਆ ।
ਵਿਦਿਆਰਥੀਆਂ ਨੇ ਇਸ ਮੌਕੇ ਸਮਾਜਿਕ ਬੁਰਾਈਆਂ ਜਿਵੇਂ ਨਸ਼ਿਆਂ ਨੂੰ ਕਹੋ ਨਾ , ਬੇਟੀ ਬਚਾਓ ਬੇਟੀ ਪੜਾਓ, ਵਧਦੀ ਅਬਾਦੀ ਦੇਸ਼ ਦੀ ਬਰਬਾਦੀ ਆਦਿ ਵਿਸ਼ਿਆਂ ਦੇ ਨਾਲ ਸੰਬੰਧਿਤ ਸਲੋਗਨ ਹੱਥ ਵਿਚ ਫੜੇ ਹੋਏ ਸਨ । ਯੂਨੀਵਰਸਲ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਇਸ ਦੌਰਾਨ ਲੋਕਾਂ ਨੂੰ ਆਪਣੇ ਹੱਕਾਂ ਅਤੇ ਕਰਤੱਵਾਂ ਦੇ ਸੰਬੰਧੀ ਵੀ ਜਾਣੂ ਕਰਵਾਇਆ ਅਤੇ ਇਨ੍ਹਾਂ ਨਾਲ ਸੰਬੰਧਿਤ ਪੈਂਫ਼ਲਿਟ ਵੰਡੇ ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਯੂਨੀਵਰਸਲ ਕਾਲਜ ਦੇ ਚੇਅਰਮੈਨ ਡਾ: ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਨਸਾਨ ਦੀ ਸੁਰੱਖਿਆ ਸਰਕਾਰ ਦਾ ਮੁੱਢਲਾ ਕਰਤੱਵ ਹੈ , ਪਰਤੂੰ ਹਰ ਇਨਸਾਨ ਦੇ ਵੀ ਆਪਣੇ ਤੂੰ ਦੇ ਪ੍ਰਤੀ ਕੁਝ ਜ਼ਰੂਰੀ ਕਰਤੱਵ ਹਨ । ਹੋਰ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਵਿਸ਼ਵ ਸੋਸ਼ਲ ਜਸਟਿਸ ਦਿਵਸ ਉਹ ਦਿਵਸ ਹੈ ਜਿਸ ਨੂੰ ਗ਼ਰੀਬੀ, ਬੇਰੁਜ਼ਗਾਰੀ ਅਤੇ ਸਮਾਜ ਵਿੱਚ ਰਹਿ ਰਹੇ ਹਰ ਮਨੁੱਖ ਦੀ ਸੁਰੱਖਿਆ ਫੇਰ ਉਹ ਔਰਤ ਹੋਵੇ ਜਾਂ ਮਰਦ ਵਰਗੇ ਮੁੱਦਿਆਂ ਨਾਲ ਨਜਿੱਠਣ ਦੇ ਯਤਨਾਂ ਨੂੰ ਉਤਸ਼ਾਹਿਤ ਕਰਨ ਦੇ ਤੋਰ ਤੇ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਕਿਸੇ ਵੀ ਲਿੰਗ, ਉਮਰ, ਨਸਲ, ਨਸਲੀ ਧਰਮ, ਸਭਿਆਚਾਰ ਜਾਂ ਅਪਾਹਜਾਂ ਕਾਰਨ ਲੋਕਾਂ ਦਾ ਸਾਹਮਣਾ ਕਰਦੇ ਹੋਏ ਰੁਕਾਵਟਾਂ ਨੂੰ ਦੂਰ ਕਰਕੇ ਸਮਾਜਿਕ ਇਨਸਾਫ਼ ਲਈ ਅੱਗੇ ਵਧਣਾ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਦਾ ਉਦੇਸ਼ ਦਿੰਦਾ ਹੈ।
ਟ੍ਰਾਈ ਸਿਟੀ ਚੰਡੀਗੜ੍ਹ ਦੇ ਵੱਖ-ਵੱਖ ਭਾਗਾਂ ਤੋ ਲੋਕਾਂ ਨੂੰ ਸਮਾਜਿਕ ਬੁਰਾਈਆਂ ਸੰਬੰਧੀ ਜਾਗਰੂਕ ਕਰਕੇ ਵਿਦਿਆਰਥੀਆਂ ਨੇ ਜਿੱਥੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਸਮਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਦਾ ਵਚਨ ਵੀ ਦਿੱਤਾ।