ਸੰਗਰੂਰ, 21 ਫਰਵਰੀ 2018:
ਜ਼ਿਲ੍ਹਾ ਸੰਗਰੂਰ ਪੁਲਿਸ ਨੇ 9 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਇਹ ਖੁਲਾਸਾ ਅੱਜ ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਜ਼ੋਨ ਸ਼੍ਰੀ ਅਮਰਦੀਪ ਸਿੰਘ ਰਾਏ ਨੇ ਪੁਲਿਸ ਲਾਈਨ ਸੰਗਰੂਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਸ਼੍ਰੀ ਰਾਏ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਾਲ 2018 ਵਿੱਚ ਹੁਣ ਤੱਕ ਕੁਲ 14 ਨਜਾਇਜ਼ ਅਸਲਾ ਬਰਾਮਦ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਇਨ੍ਹਾਂ 9 ਵਿਅਕਤੀਆਂ ਕੋਲੋਂ 9 ਪਿਸਤੌਲਾ ਸਮੇਤ ਕਈ ਕਾਰਤੂਸ ਬਰਾਮਦ ਹੋਏ ਹਨ ਜੋ ਕਿ ਗੈਰ-ਸਮਾਜਿਕ ਅਨਸਰਾਂ ਵੱਲੋਂ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿੱਚ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 5 ਜਣਿਆਂ ਖਿਲਾਫ਼ ਥਾਣਾ ਲਹਿਰਾ ਅਤੇ 4 ਜਣਿਆਂ ਖਿਲਾਫ਼ ਥਾਣਾ ਸੰਦੌੜ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਆਈ.ਜੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 8 ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਆਈ.ਜੀ ਸ਼੍ਰੀ ਰਾਏ ਨੇ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਇੰਸ: ਵਿਜੇ ਕੁਮਾਰ ਦੀ ਮੌਜੂਦਗੀ 'ਚ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਅਵਤਾਰ ਸਿੰਘ ਸੀ.ਆਈ.ਏ. ਬਹਾਦਰ ਸਿੰਘ ਵਾਲਾ ਵੱਲੋਂ ਮੁਖਬਰੀ ਦੇ ਆਧਾਰ 'ਤੇ ਲਖਵੀਰ ਸਿੰਘ ਉਰਫ ਲੱਖੀ ਪੁੱਤਰ ਜਰਨੈਲ ਸਿੰਘ ਵਾਸੀ ਖਡਿਆਲ ਰੋਡ ਮਹਿਲਾਂ ਥਾਣਾ ਛਾਜਲੀ, ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਦਰਸ਼ਨ ਸਿੰਘ ਵਾਸੀ ਆਲਮਪੁਰ ਥਾਣਾ ਲਹਿਰਾ, ਸੰਸਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਧਰਮਪੁਰਾ (ਧੰਨਪੁਰਾ) ਥਾਣਾ ਬਰੇਟਾ ਜਿਲ੍ਹਾ ਮਾਨਸਾ, ਮਨਦੀਪ ਸਿੰਘ ਉਰਫ ਮੋਨਾ ਪੁੱਤਰ ਮੇਜਰ ਸਿੰਘ ਵਾਸੀ ਰਾਮਗੜ੍ਹ ਸੰਧੂਆਂ ਥਾਣਾ ਲਹਿਰਾ ਅਤੇ ਸੰਦੀਪ ਸਿੰਘ ਉਰਫ ਘੋੜਾ ਪੁੱਤਰ ਮੁਨਸੀ ਸਿੰਘ ਨੇੜੇ ਰਾਮਗੜੀਆ ਗੁਰਦੁਆਰਾ ਲਹਿਰਾ ਪਰ ਮੁਕੱਦਮਾ ਨੰਬਰ 30 ਮਿਤੀ 20.02.2018 ਅ/ਧ 399,402 ਆਈ.ਪੀ.ਸੀ ਅਤੇ 25 ਆਰਮਜ ਐਕਟ ਥਾਣਾ ਲਹਿਰਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ ਸ:ਥ: ਅਵਤਾਰ ਸਿੰਘ ਸੀ.ਆਈ.ਏ. ਬਹਾਦਰ ਸਿੰਘ ਵਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਰੇਡ ਕਰਕੇ ਗਾਗਾ ਰੋਡ ਸਫੈਦਿਆਂ ਦੇ ਝੁੰਡ ਵਿੱਚੋਂ ਮੌਕੇ 'ਤੇ ਲਖਵੀਰ ਸਿੰਘ ਉਰਫ ਲੱਖੀ, ਰਾਜਵਿੰਦਰ ਸਿੰਘ ਉਰਫ ਰਾਜ, ਸੰਸਾਰ ਸਿੰਘ ਅਤੇ ਮਨਦੀਪ ਸਿੰਘ ਉਰਫ ਮੋਨਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸੰਦੀਪ ਸਿੰਘ ਉਰਫ ਘੋੜਾ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਮੌਕਾ ਪਰ ਗ੍ਰਿਫਤਾਰ ਕੀਤੇ ਲਖਵੀਰ ਸਿੰਘ ਉਰਫ ਲੱਖੀ ਪਾਸੋਂ ਇੱਕ ਪਿਸਤੌਲ ਦੇਸੀ 12 ਬੋਰ ਸਮੇਤ 01 ਕਾਰਤੂਸ ਜਿੰਦਾ, ਰਾਜਵਿੰਦਰ ਸਿੰਘ ਉਰਫ ਰਾਜੂ ਪਾਸੋਂ ਇੱਕ ਪਿਸਤੌਲ ਦੇਸੀ 32 ਬੋਰ ਸਮੇਤ 01 ਕਾਰਤੂਸ ਜਿੰਦਾ, ਸੰਸਾਰ ਸਿੰਘ ਪਾਸੋਂ ਇੱਕ ਪਿਸਤੌਲ ਦੇਸੀ 30 ਬੋਰ ਸਮੇਤ 01 ਕਾਰਤੂਸ ਜਿੰਦਾ ਤੇ ਮਨਦੀਪ ਸਿੰਘ ਉਰਫ ਮੋਨਾ ਪਾਸੋਂ ਇੱਕ ਦੇਸੀ ਪਿਸਤੌਲ (ਕੱਟਾ) 315 ਬੋਰ ਸਮੇਤ ਇੱਕ ਕਾਰਤੂਸ ਬ੍ਰਾਮਦ ਕਰਵਾਇਆ ਗਿਆ। ਜਿਹਨਾਂ ਪਾਸੋਂ ਹੋਰ ਕੀਤੀਆਂ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਆਈ.ਜੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਲਖਵੀਰ ਸਿੰਘ ਉਰਫ ਲੱਖੀ ਦਾ ਸਾਲ 2016 ਤੋਂ ਆਪਣੇ ਪਿਤਾ ਜਰਨੈਲ ਸਿੰਘ ਨਾਲ ਘਰ ਦੀ ਵੰਡ ਸਬੰਧੀ ਝਗੜਾ ਹੋਇਆ ਸੀ ਅਤੇ ਇਸਨੇ ਆਪਣੇ ਪਿਤਾ ਨੂੰ ਮਾਰਨ ਲਈ ਅਸਲਾ ਖਰੀਦ ਕੀਤਾ ਸੀ । ਉਨ੍ਹਾਂ ਦੱਸਿਆ ਕਿ ਰਾਜਵਿੰਦਰ ਸਿੰਘ ਨੇ ਦੌਰਾਨੇ ਪੁੱਛਗਿੱਛ ਮੰਨਿਆ ਕਿ ਸਾਲ 1993 ਵਿੱਚ ਉਸ ਦੇ ਪਿਤਾ ਦਰਸ਼ਨ ਸਿੰਘ ਦਾ ਭੀਮ ਸਿੰਘ ਕਾਮਰੇਡ ਵਾਸੀ ਆਲਮਪੁਰ ਵਗੈਰਾ ਨੇ ਕਤਲ ਕਰ ਦਿੱਤਾ ਸੀ। ਉਸ ਨੇ ਇਸ ਕਤਲ ਦਾ ਬਦਲਾ ਲੈਣ ਲਈ ਇਹ ਅਸਲਾ ਖਰੀਦ ਕੀਤਾ ਸੀ।
ਆਈ.ਜੀ ਨੇ ਦੱਸਿਆ ਕਿ ਸ:ਥ: ਕੇਵਲ ਕ੍ਰਿਸ਼ਨ ਸੀ.ਆਈ.ਏ ਬਹਾਦਰ ਸਿੰਘ ਵਾਲਾ ਵੱਲੋਂ ਮੁਖਬਰੀ ਪਰ ਕਰਮਜੀਤ ਸਿੰਘ ਪੁੱਤਰ ਬਲਕਰਨ ਸਿੰਘ ਵਾਸੀ ਬੀਹਲਾ ਜਿਲਾ ਬਰਨਾਲਾ, ਇਲਿਆਸ ਖਾਨ ਪੁੱਤਰ ਲਾਲ ਦੀਨ ਵਾਸੀ ਤੱਖਰ ਖੁਰਦ ਥਾਣਾ ਸੰਦੌੜ, ਰਮਜਾਨ ਮੁਹਮੰਦ ਉਰਫ ਜੱਗੀ ਪੁੱਤਰ ਰਸ਼ੀਦ ਮੁਹੰਮਦ ਵਾਸੀ ਮੁਬਾਰਕਪੂਰ ਚੂੰਘਾ ਥਾਣਾ ਸੰਦੌੜ, ਮਨਦੀਪ ਸਿੰਘ ਉਰਫ ਮੈਂਡੀ ਪੁੱਤਰ ਗੁਰਚਰਨ ਸਿੰਘ ਵਾਸੀ ਮਹਿਲਾ ਚਂੌਕ ਜਿਲਾ ਸੰਗਰੂਰ, ਲਖਵੀਰ ਸਿੰਘ ਉਰਫ ਵਿੱਕੀ ਪੁੱਤਰ ਪਿਆਰਾ ਸਿੰਘ ਵਾਸੀ ਭੁੰਦਨ ਜਿਲਾ ਸੰਗਰੂਰ ਅਤੇ ਮੁਹੰਮਦ ਅਕਰਮ ਪੁੱਤਰ ਮੁਹੰਮਦ ਸਾਜਿਦ ਵਾਸੀ ਗੰਗੋਹ ਜਿਲਾਂ੍ਹ ਸਹਾਰਨਪੁਰ (ਯੂ.ਪੀ) ਪਰ ਮੁਕੱਦਮਾ ਨੰਬਰ 15 ਮਿਤੀ 20.02.2018 ਅ/ਧ 399,402 ਆਈ.ਪੀ.ਸੀ ਅਤੇ 25 ਆਰਮਜ ਐਕਟ ਥਾਣਾ ਸੰਦੌੜ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ ਸ:ਥ: ਕੇਵਲ ਕ੍ਰਿਸ਼ਨ ਸੀ.ਆਈ.ਏ. ਬਹਾਦਰ ਸਿੰਘ ਵਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੋਸੀਆ ਪਰ ਰੇਡ ਕਰਕੇ ਪਿੰਡ ਮਹੋਲੀ ਤੋਂ ਕੰਗਣਵਾਲ ਦੇ ਵਿਚਕਾਰ ਨਹਿਰ ਦੇ ਖਤਾਣਾ ਵਿੱਚ ਮੌਕੇ ਪਰ ਦੋਸੀਆਨ ਉਕਤਾਨ ਨੂੰ ਗ੍ਰਿਫਤਾਰ ਕੀਤਾ ਅਤੇ ਦੋਸ਼ੀ ਕਰਮਜੀਤ ਸਿੰਘ ਪਾਸੋਂ ਇੱਕ ਪਿਸਤੌਲ ਦੇਸੀ 12 ਬੋਰ ਸਮੇਤ 01 ਕਾਰਤੂਸ ਜਿੰਦਾ, ਇਲਿਆਸ ਖਾਨ ਪਾਸੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 01 ਕਾਰਤੂਸ ਜਿੰਦਾ, ਰਮਜਾਨ ਮੁਹਮੰਦ ਉਰਫ ਜੱਗੀ ਪਾਸੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 01 ਕਾਰਤੂਸ ਜਿੰਦਾ, ਮਨਦੀਪ ਸਿੰਘ ਉਰਫ ਮੈਂਡੀ ਪਾਸੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 01 ਕਾਰਤੂਸ ਜਿੰਦਾ, ਲਖਵੀਰ ਸਿੰਘ ਉਰਫ ਵਿੱਕੀ ਪਾਸੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 01 ਕਾਰਤੂਸ ਜਿੰਦਾ ਬ੍ਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਤੋਂ ਹੋਰ ਕੀਤੀਆਂ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਆਈ.ਜੀ ਨੇ ਦੱਸਿਆ ਕਿ ਉਕਤ ਅਸਲਾ ਇਹਨਾ ਵਿਅਕਤੀਆਂ ਵੱਲੋ ਮੁਹੰਮਦ ਅਕਰਮ ਪੁੱਤਰ ਮੁਹੰਮਦ ਸਾਜਿਦ ਵਾਸੀ ਗੰਗੋਹ ਜਿਲਾਂ੍ਹ ਸਹਾਰਨਪੁਰ (ਯੂ.ਪੀ) ਪਾਸੋ ਖਰੀਦ ਕੀਤਾ ਸੀ ।