ਮਾਨਸਾ, 21 ਫਰਵਰੀ 2018:
ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਅੱਜ ਸਿੱਖਿਆ ਵਿਕਾਸ ਮੰਚ ਮਾਨਸਾ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਨਹਿਰੂ ਯੁਵਾ ਕੇਂਦਰ, ਪੇਂਡੂ ਯੂਥ ਕਲੱਬਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਜਿਲ੍ਹੇ ਦੇ 100 ਤੋਂ ਵੱਧ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਵੇਂ ਸੈਸ਼ਨ ਦੌਰਾਨ ਲਾਇਬਰੇਰੀਆਂ ਖੋਲਣ ਦਾ ਅਹਿਮ ਨਿਰਣਾ ਲਿਆ ਹੈ।
ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਕੂਲਾਂ ਵਿੱਚ ਲਾਇਬਰੇਰੀਆਂ ਖੋਲਣ ਦਾ ਰਸਮੀ ਉਦਘਾਟਨ ਉੱਘੇ ਸ਼ਾਇਰ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਅਤੇ ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਵੱਲੋਂ 7 ਮਾਰਚ ਨੂੰ ਮਾਨਸਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹੇ ਭਰ ਦੇ ਸਕੂਲਾਂ ਵਿੱਚ ਮਿਆਰੀ ਪੰਜਾਬੀ ਰਸਾਲੇ ਵੀ ਲਗਾਏ ਜਾਣਗੇ।
ਉਧਰ ਮਾਨਸਾ ਦੇ ਲੇਖਕਾਂ/ਸਾਹਿਤਕਾਰਾਂ ਨੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਇਸ ਵੱਡੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਰਾਜ ਵਿੱਚ ਪਹਿਲੀ ਨਿਵੇਕਲੀ ਪਿਰਤ ਹੈ, ਜਿਸ ਨਾਲ ਪ੍ਰਾਇਮਰੀ ਸਕੂਲਾਂ ਦੇ ਨੰਨ੍ਹੇ ਬਾਲਾਂ ਨੂੰ ਪੰਜਾਬੀ ਸਾਹਿਤ ਨੂੰ ਪੜ੍ਹਨ ਦਾ ਮੌਕਾ ਮਿਲੇਗਾ। ਇਸ ਮੌਕੇ ਸੁਦਰਸ਼ਨ ਕੁਮਾਰ ਰਾਜੂ, ਡਾ. ਬੂਟਾ ਸਿੰਘ ਬੋੜਾਵਾਲ,=ਅਲਤਬਸ ਰਣਧੀਰ ਸਿੰਘ ਆਲਮਕੇ, ਮੈਡਮ ਆਰਤੀ, ਯੋਗਤਾ ਜੋਸ਼ੀ, ਗੁਰਪ੍ਰੀਤ ਕੌਰ, ਈਸ਼ਾ ਮੌਂਗਾ, ਭੁਪਿੰਦਰ ਸਿੰਘ ਤੱਗੜ, ਤਰਸੇਮ ਸਿੰਘ ਬੋੜਾਵਾਲ, ਰਾਜਵਿੰਦਰ ਸਿੰਘ ਖੱਤਰੀਵਾਲਾ, ਅਕਬਰ ਸਿੰਘ ਬੱਪੀਆਣਾ, ਗੁਰਮੀਤ ਸਿੰਘ, ਵਿਜੇ ਕੁਮਾਰ, ਗੁਰਵਿੰਦਰ ਮਠਾੜੂ, ਜਸਵਿੰਦਰ ਚੰਨੀ, ਸਤੀਸ਼ ਕੁਮਾਰ, ਬਲਵਿੰਦਰ ਸ਼ਰਮਾ ਹਾਜ਼ਰ ਸਨ।