ਪਟਿਆਲਾ , 21 ਫਰਵਰੀ 2018:
ਪੰਜਾਬੀ ਭਾਸ਼ਾ ਨੂੰ ਬਚਾਉਣ ਅਤੇ ਇਸ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੁਰੱਖਿਅਤ ਰੱਖਦੇ ਹੋਏ ਆਪਣੀ ਮਾਤ ਭਾਸ਼ਾ ਨੂੰ ਫੇਰ ਇਸ ਦਾ ਬਣਦਾ ਮਾਣ ਦਿਵਾਉਣ ਅਤੇ ਹੋਰ ਪ੍ਰਫੁੱਲਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹੈ। ਭਾਸ਼ਾ ਵਿਭਾਗ ਵਿੱਚ ਆਯੋਜਿਤ ਕੀਤੇ ਗਏ ਮਾਤ ਭਾਸ਼ਾ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿੱਚ ਸ਼ਹਿਰ ਦੇ ਪਹਿਲੇ ਨਾਗਰਿਕ ਅਤੇ ਮੇਅਰ ਸ਼੍ਰੀ ਸੰਜੀਵ ਬਿੱਟੂ ਸ਼ਰਮਾ ਨੇ 21 ਫਰਵਰੀ 1952 ਦੇ ਦਿਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਇੱਕ ਭਾਸ਼ਾ ਦੇ ਅੰਦੋਲਨ ਨੇ ਬੰਗਲਾਦੇਸ਼ ਬਣਾ ਦਿੱਤਾ ਸੀ। ਇਹ ਆਪਣੀ ਮਾਤ ਭਾਸ਼ਾ ਲਈ ਬੰਗਲਾਦੇਸ਼ੀਆਂ ਦਾ ਪ੍ਰੇਮ ਹੀ ਸੀ ਜਿਸਦੇ ਚਲਦੇ ਇੱਕ ਮੁਸਲਮਾਨ ਦੇਸ਼ ਹੋਣ ਦੇ ਬਾਵਜੂਦ ਉਨ੍ਹਾਂ ਨੇ ਧਰਮ ਤੋਂ ਜਿਆਦਾ ਆਪਣੀ ਮਾਤ ਭਾਸ਼ਾ ਨੂੰ ਮਹੱਤਵ ਦਿੱਤਾ। ਇਹ ਦੁਨੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਮਿਸਾਲ ਹੈ।
ਸ਼੍ਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਅੱਜ ਵੀ ਅਸੀ ਬੰਗਲਾਦੇਸ਼ ਵਿੱਚ ਹੋਏ ਭਾਸ਼ਾਈ ਅੰਦੋਲਨ ਨੂੰ ਆਦਰ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਹਾਂ ਅਤੇ ਇਹੀ ਵਜ੍ਹਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਐਲਾਨ 'ਤੇ ਦੁਨੀਆ ਭਰ ਵਿੱਚ 21 ਫਰਵਰੀ ਦਾ ਦਿਨ ਸਾਲ 2000 ਤੋਂ ਮਾਤ ਭਾਸ਼ਾ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਸ਼੍ਰੀ ਸੰਜੀਵ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਪੁਰਾਣੇ ਮਾਲ ਵਿਭਾਗ ਦੇ ਰਿਕਾਰਡ ਅਤੇ ਹਰਿਆਣਾ - ਦਿੱਲੀ ਸਰਹੱਦ ਦੇ ਬਵਾਨਾ ਇਲਾਕੇ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਅੱਜ ਵੀ ਪੁਰਾਣੇ ਰਿਕਾਰਡ ਪੰਜਾਬੀ ਵਿੱਚ ਹਨ ਅਤੇ ਹਰਿਆਣਾ ਵਿੱਚ ਬੁਜੁਰਗ ਲੋਕ ਪੰਜਾਬੀ ਦੇ ਅਖਬਾਰ ਪੜ੍ਹਦੇ ਹਨ।
ਪਟਿਆਲਾ ਦੇ ਮੇਅਰ ਨੇ ਕਿਹਾ ਕਿ ਸੁੰਗੜਦੀ ਜਾ ਰਹੀ ਪੰਜਾਬੀ ਨੂੰ ਫੇਰ ਉੱਤਰ ਭਾਰਤ ਦੀਆਂ ਸਰਹੱਦਾਂ ਤੋਂ ਅੱਗੇ ਲੈ ਕੇ ਜਾਣ ਲਈ ਭਾਸ਼ਾ ਵਿਭਾਗ ਦੀ ਸਲਾਹ 'ਤੇ ਕਾਰਜ ਕਰਨ ਲਈ ਤਿਆਰ ਹਨ। ਨਾਲ ਹੀ ਸ਼੍ਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਸੰਭਵ ਹੈ ਕਿ ਰਾਜਨੀਤਕ ਜਾਂ ਕਿਸੇ ਹੋਰ ਕਾਰਨਾਂ ਤੋਂ ਕੁੱਝ ਲੋਕ ਉਨ੍ਹਾਂ ਦੇ ਨਾਲ ਨਾ ਆਉਣਾ ਚਾਹੁਣ ਪਰ ਫਿਰ ਵੀ ਉਹ ਸਾਰੇ ਰਾਜਨੀਤਕ ਦਲਾਂ ਨੂੰ ਅਪੀਲ ਕਰਦੇ ਹਨ ਕਿ ਆਪਣੀ ਮਾਤ ਭਾਸ਼ਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਨਾਲ ਮਿਲਕੇ ਕਾਰਜ ਕੀਤੇ ਜਾਣ।
ਸ਼੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਰਿਆਸਤ ਇੱਕੋ ਇੱਕ ਅਜਿਹੀ ਰਿਆਸਤ ਸੀ ਜਿਸ ਨੇ ਪੰਜਾਬੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਫਾਰਸੀ ਸਰਕਾਰੀ ਭਾਸ਼ਾ ਸੀ। ਨਾਲ ਹੀ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬੀ ਯੁਨਿਵਰਸਿਟੀ ਪਟਿਆਲਾ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਦੇ ਦਿਮਾਗ ਦੀ ਉਪਜ ਦੱਸਦੇ ਹੋਏ ਸ਼੍ਰੀ ਸੰਜੀਵ ਸ਼ਰਮਾ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਾਲਾਂ 'ਚ ਪੰਜਾਬੀ ਇੱਕ ਵਾਰ ਫਿਰ ਆਪਣਾ ਖੋਇਆ ਹੋਇਆ ਦਰਜਾ ਪ੍ਰਾਪਤ ਕਰ ਲਵੇਗੀ।
ਪ੍ਰੋਗਰਾਮ ਦੇ ਮੁੱਖ ਵਕਤਾ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਿੱਖਿਆ ਮਾਹਰ ਡਾ. ਭੀਮਇੰਦਰ ਸਿੰਘ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਪੌਣੇ ਸੱਤ ਹਜਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ , ਇਹਨਾਂ ਵਿੱਚ ਪੰਜਾਬੀ ਭਾਸ਼ਾ ਦਾ ਦਸਵਾਂ ਸਥਾਨ ਹੈ। ਸੰਸਾਰ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਕੁਲ ਗਿਣਤੀ ਲੱਗਭੱਗ 14 ਕਰੋੜ ਹੈ, ਇਸ ਵਿੱਚ ਤਿੰਨ ਕਰੋੜ ਭਾਰਤ ਵਿੱਚ, ਨੌਂ ਕਰੋੜ ਪਾਕਿਸਤਾਨ 'ਚ ਜਦਕਿ ਇੱਕ ਕਰੋੜ ਲੋਕ ਦੁਨੀਆ ਦੇ ਲੱਗਭੱਗ 150 ਦੇਸ਼ਾਂ ਵਿੱਚ ਪੰਜਾਬੀ ਬੋਲਦੇ ਹਨ। ਸੰਸਾਰ ਦੇ 10 ਦੇਸ਼ਾਂ 'ਚ ਪੰਜਾਬੀ ਨੂੰ ਦੂਜੀ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।
ਡਾ . ਭੀਮਇੰਦਰ ਸਿੰਘ ਦੱਸਦੇ ਹਨ ਕਿ ਪ੍ਰਾਚੀਨ ਭਾਰਤ ਦੇ ਸਪਤ ਸਿੰਧੂ ਖੇਤਰ ਵਿੱਚ ਸੰਸਾਰ ਦਾ ਸਭ ਤੋਂ ਪਹਿਲਾ ਗਰੰਥ ਰਿਗਵੇਦ ਲਿਖਿਆ ਗਿਆ, ਸ਼੍ਰੀ ਰਾਮਾਇਣ ਜੀ ਅਤੇ ਮਹਾਂਭਾਰਤ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਹੋਈ। ਇਹ ਸਾਰੀਆਂ ਰਚਨਾਵਾਂ ਪੁਰਾਤਨ ਪੰਜਾਬ ਦੀ ਮਾਤ ਭਾਸ਼ਾ ਵਿੱਚ ਹੀ ਹੋਈਆਂ। ਅੰਗਰੇਜ਼ੀ ਦਾ ਪਹਿਲਾ ਕਵੀ ਚੌਸਰ 14ਵੀਂ ਸ਼ਤਾਬਦੀ ਵਿੱਚ ਆਇਆ ਜਦਕਿ ਪੰਜਾਬੀ ਦੇ ਪਹਿਲੇ ਕਵੀ ਅਤੇ ਦਾਰਸ਼ਨਕ ਹੋਣ ਦਾ ਮਾਣ ਫਰੀਦ ਨੂੰ ਇਸ ਤੋਂ ਵੀ ਦੋ ਸ਼ਤਾਬਦੀ ਪਹਿਲਾਂ ਤੋਂ ਹੈ।
ਇਸ ਸਭ ਦੇ ਬਾਵਜੂਦ ਡਾ. ਭੀਮਇੰਦਰ ਸਿੰਘ ਦੱਸਦੇ ਹਨ ਕਿ ਜਿਹੜੀ ਭਾਸ਼ਾ ਸਰਕਾਰ ਦੀ ਨਹੀਂ ਉਹ ਪਰਿਵਾਰ ਦੀ ਵੀ ਨਹੀਂ ਰਹਿ ਸਕਦੀ। ਅਜਿਹੇ ਵਿੱਚ ਪੰਜਾਬੀ ਨੂੰ ਰੋਜਗਾਰ ਅਤੇ ਬਾਜ਼ਾਰ ਦੀ ਭਾਸ਼ਾ ਵੀ ਬਣਾਉਣਾ ਹੋਵੇਗਾ। ਪ੍ਰਸਿੱਧ ਸਿੱਖਿਆ ਮਾਹਰ ਦਾ ਕਹਿਣਾ ਹੈ ਕਿ ਇੰਗਲੇਂਡ, ਫ਼ਰਾਂਸ, ਰੂਸ ਆਦਿ ਜਿਨ੍ਹਾਂ ਦੇਸ਼ਾਂ ਨੇ ਵਿਕਾਸ ਕੀਤਾ ਹੈ ਉਨ੍ਹਾਂ ਨੇ ਆਪਣੀ ਮਾਤ ਭਾਸ਼ਾ ਦੇ ਦਮ 'ਤੇ ਹੀ ਕੀਤਾ ਹੈ। ਅੱਜ ਜ਼ਰੂਰਤ ਹੈ ਕਿ ਪੰਜਾਬੀ ਨੂੰ ਗਿਆਨ ਵਿਗਿਆਨ ਦੀ ਭਾਸ਼ਾ ਵੀ ਬਣਾਇਆ ਜਾਵੇ।
ਸਮਾਗਮ ਵਿੱਚ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਮਨਮੋਹਣ ਸਿੰਘ ਦਾਉਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਜਦਕਿ ਪੰਜਾਬੀ ਸਾਹਿਤ ਰਤਨ ਡਾ . ਰਤਨ ਸਿੰਘ ਜੱਗੀ ਨੇ ਪਰੋਗਰਾਮ ਦੀ ਪ੍ਰਧਾਨਗੀ ਕੀਤੀ। ਭਾਸ਼ਾ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਗੁਰਸ਼ਰਨ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਭਾਸ਼ਾ ਦੇ ਮਹੱਤਵ ਉੱਤੇ ਚਾਨਣਾ ਪਾਇਆ। ਇਸ ਮੌਕੇ ਕੌਂਸਲਰ ਸ਼੍ਰੀ ਹਰਵਿੰਦਰ ਸਿੰਘ ਨਿੱਪੀ ਅਤੇ ਜਿਲਾ ਕਾਂਗਰਸ ਦੇ ਸਕੱਤਰ ਸ਼੍ਰੀ ਅਰੂਣ ਸੂਦ ਰਿੰਕੂ ਵੀ ਮੌਜੂਦ ਸਨ।