ਜਗਦੀਸ਼ ਥਿੰਦ
ਫਾਜ਼ਿਲਕਾ, 21 ਫਰਵਰੀ 2018 :
ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਇਸਤਰੀ ਸਵੈ-ਅਭਿਆਨ ਪ੍ਰਾਜੈਕਟ ਅਧੀਨ ਮਨਿਸਟਰੀ ਆਫ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਟਕਨਾਲੋਜੀ ਵੱਲੋਂ ਗ੍ਰਾਮ ਪੰਚਾਇਤਾਂ ਵਿੱਚ ਕਾਮਨ ਸੈਂਟਰ ਖੋਲ੍ਹੇ ਜਾ ਰਹੇ ਹਨ। ਇਸ ਅਭਿਆਨ ਅਧੀਨ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੱਮੂਖੇੜਾ ਵਿੱਚ ਸੈਂਟਰ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਕਰਨ ਦੀ ਜ਼ਿੰਮੇਵਾਰੀ ਸਹਾਇਕ ਕਮਿਸ਼ਨਰ ਸ੍ਰੀ ਜਗਦੀਪ ਸਹਿਗਲ ਵੱਲੋਂ ਨਿਭਾਈ ਗਈ।
ਇਸ ਮੌਕੇ ਸਹਾਇਕ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸਤਰੀ ਸਵੈ-ਅਭਿਆਨ ਪ੍ਰਾਜੈਕਟ ਤਹਿਤ ਪਿੰਡਾਂ ਵਿੱਚ ਹੀ ਲੜਕੀਆਂ ਨੂੰ ਰੁਜ਼ਗਾਰ ਪ੍ਰਾਪਤ ਹੋ ਸਕੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਇਸ ਨਿਵੇਕਲੇ ਉਪਰਾਲੇ ਅਧੀਨ ਇਸ ਸੈਂਟਰ ਵਿੱਚ ਸੈਨਟਰੀ ਪੈਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਪਿੰਡ ਦੀਆਂ ਲੜਕੀਆਂ ਸੈਲਫ ਹੈਲਪ ਗਰੁੱਪ ਬਣਾ ਕੇ ਆਪਣਾ ਰੁਜ਼ਗਾਰ ਚਲਾਉਣ ਦੇ ਕਾਬਲ ਹੋਣਗੀਆਂ। ਉਨ੍ਹਾਂ ਹੋਰ ਕਿਹਾ ਕਿ ਇਸ ਸੈਂਟਰ ਤੋਂ ਬਣਨ ਵਾਲੇ ਸੈਨਟਰੀ ਪੈਡ ਇਸਤਰੀਆਂ ਲਈ ਕਾਫੀ ਲਾਹੇਵੰਦ ਸਾਬਤ ਹੋਣਗੇ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਅਤੇ ਬਿਮਾਰੀਆਂ ਨੂੰ ਰੋਕਣਗੇ।
ਜ਼ਿਲ੍ਹਾ ਮੈਨੇਜਰ ਵਰੁਣ ਗੁਗਲਾਨੀ ਨੇ ਦੱਸਿਆ ਕਿ ਪਿੰਡ ਦੀਆਂ ਲੜਕੀਆਂ ਨਾਲ ਰਲ ਕੇ ਇਹ ਸੈਂਟਰ ਸ਼ੁਰੂ ਕੀਤਾ ਹੈ। ਇਸ ਸੈਂਟਰ ਨੂੰ ਮੈਡਮ ਅੰਮ੍ਰਿਤਮਾਨ ਵੱਲੋਂ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਬਣਾਏ ਜਾਣ ਵਾਲੇ ਪੈਡ 'ਤੇ 2 ਰੁਪਏ ਪ੍ਰਤੀ ਪੈਡ ਖਰਚ ਆਏਗਾ। ਉਨ੍ਹਾਂ ਕਿਹਾ ਕਿ ਇਹ ਪੈਡ ਬਹੁਤ ਹੀ ਵਧੀਆਂ, ਨਰਮ ਤੇ ਸੁਖਾਲੇ ਹੋਣਗੇ ਅਤੇ ਇਸ ਪੈਡ ਦੀ ਸਮਰੱਥਾ 24 ਘੰਟੇ ਤੱਕ ਦੀ ਹੋਵੇਗੀ। ਉਨ੍ਹਾਂ ਹੋਰ ਕਿਹਾ ਕਿ ਇਸ ਪੈਡ ਦਾ ਵਾਤਾਵਰਨ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ।
ਇਸ ਮੌਕੇ ਪ੍ਰਾਜੈਕਟ ਦੇ ਜ਼ਿਲ੍ਹਾ ਮੈਨੇਜਰ ਮੈਡਮ ਸਿਖਾ ਅਹੂਜਾ, ਸ੍ਰੀ ਅਭਿਸ਼ੇਕ ਮਦਾਨ ਤੋਂ ਇਲਾਵਾ ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤੇ ਹਾਜ਼ਰ ਸਨ।