ਕਿਲਾ ਮੁਬਾਰਕ ਦੇ ਦ੍ਰਿਸ਼
ਜੀ ਐੱਸ ਪੰਨੂ
ਪਟਿਆਲਾ, 20 ਫਰਵਰੀ 2018 :
12 ਸਾਲਾਂ ਬਾਅਦ 'ਪਟਿਆਲਾ ਹੈਰੀਟੇਜ ਉਤਸਵ-2018' ਦਾ ਉਦਘਾਟਨ 21 ਫਰਵਰੀ ਦੀ ਸ਼ਾਮ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।
ਉਦਘਾਟਨ ਪਹਿਲਾਂ ਮੁੱਖ ਮੰਤਰੀ ਇਕ ਵਿਸ਼ੇਸ਼ ਵਿਰਾਸਤੀ ਮਸ਼ਾਲ ਮਾਰਚ ਨੂੰ ਕਿਲਾ ਮੁਬਾਰਕ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜੋਕਿ ਅੱਗੇ ਬਰਤਨ ਬਾਜ਼ਾਰ, ਗੁੜ ਮੰਡੀ, ਸ਼ਾਹੀ ਸਮਾਧਾਂ, ਸਮਾਣੀਆਂ ਗੇਟ, ਮਹਿੰਦਰਾ ਕਾਲਜ ਤੋਂ ਹੁੰਦੇ ਹੋਏ ਐਨ.ਆਈ.ਐਸ. ਵਿਖੇ ਸਮਾਪਤ ਹੋਵੇਗਾ। ਇਸ ਵਿਚ ਨਾਮੀ ਕਲਾਕਾਰ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਦਰਸਾਉਂਦੀ ਜਾਗੋ 'ਚ ਲੋਕ ਨਾਚ ਗਿੱਧਾ-ਭੰਗੜਾ ਵਿਦਿਆਰਥੀ ਪਾਉਂਦੇ ਨਜ਼ਰ
ਆਉਣਗੇ। 22 ਫਰਵਰੀ ਨੂੰ ਸਵੇਰੇ 7.30 ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ. ਤੋਂ ਸਾਇਕਲ ਰੈਲੀ ਕੱਢੀ ਜਾਵੇਗੀ, ਜੋਕਿ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਸ਼ੇਰਾਂ ਵਾਲਾ ਗੇਟ, ਸ੍ਰੀ ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ, ਰਿੰਕ ਹਾਲ ਤੋਂ ਅੱਗੇ ਬਾਰਾਂਦਰੀ ਬਾਗ ਵਿਖੇ ਸਮਾਪਤ ਹੋਵੇਗੀ।
ਇਸੇ ਦਿਨ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਟਿਆਲਾ ਘਰਾਣਾ ਪੁਰਾਤਨ ਗਾਇਨ ਸ਼ੈਲੀ ਦੇ ਗਾਇਕ ਪੰਡਤ ਅਜੋਏ ਚੱਕਰਵਰਤੀ ਅਤੇ ਬਨਾਰਸ ਘਰਾਣੇ ਦੇ ਸ਼ਾਸਤਰੀ ਸੰਗੀਤਕਾਰ ਪੰਡਤ ਚੁੰਨੀ ਲਾਲ ਮਿਸ਼ਰਾ ਆਪਣੀ ਪੇਸ਼ਕਾਰੀ ਦੇਣਗੇ। ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਵਜੋਂ ਪੁਜਣਗੇ ਤੇ ਇਸ ਸਮੇਂ ਇਮਦਾਦਖ਼ਾਨੀ-ਇਟਾਵਾ ਘਰਾਣਾ ਦੇ ਵਾਰਸ ਤੇ ਉੱਘੇ ਸਿਤਾਰ ਵਾਦਕ ਉਸਤਾਦ ਸੁਜੀਤ ਖ਼ਾਨ ਅਤੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਉਲਹਾਸ ਕੈਲਾਸ਼ਕਾਰ ਆਪਣੀ ਸੰਗੀਤਕ ਪੇਸ਼ਕਾਰੀ ਦੇਣਗੇ। 24 ਫਰਵਰੀ ਨੂੰ ਧਰੁਵ ਪਾਂਡਵ ਸਟੇਡੀਅਮ ਵਿਖੇ ਕ੍ਰਿਕਟ ਮੈਚ ਹੋਵੇਗਾ ਤੇ ਕਿਲਾ ਮੁਬਾਰਕ ਵਿਖੇ ਸ਼ਾਮ ਨੂੰ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਮੁੱਖ ਮਹਿਮਾਨ ਹੋਣਗੇ ਜਦੋਂਕਿ ਸ਼ਾਸਤਰੀ ਸੰਗੀਤਕਾਰ ਉਸਤਾਦ ਰਾਸ਼ਿਦ ਖ਼ਾਨ ਅਤੇ ਮਿਸ ਮੰਜਰੀ ਚਤੁਰਵੇਦੀ ਕੱਥਕ ਦੀ ਪੇਸ਼ਕਾਰੀ ਦੇਣਗੇ।
25 ਫਰਵਰੀ ਨੂੰ ਪੋਲੋ ਗਰਾਊਂਡ ਤੋਂ ਬਲਾਇੰਡ ਕਾਰ ਰੈਲੀ ਚੱਲੇਗੀ, ਜਿਸ 'ਚ ਰੈਲੀ ਦੇ ਰਸਤਿਆਂ ਤੋਂ ਅਨਜਾਣ ਡਰਾਇਵਰ ਨੂੰ ਬਰੇਲ ਲਿਪੀ ਰਾਹੀਂ ਪੇਪਰ ਪੜਕੇ ਨਾਲ ਬੈਠਾ ਦ੍ਰਿਸ਼ਟੀਹੀਣ ਸਹਾਇਕ ਰਸਤਾ ਦੱਸੇਗਾ। ਸ਼ਾਮ ਵੇਲੇ ਕਿਲਾ ਮੁਬਰਾਕ 'ਚ ਉੱਘੇ ਸ਼ਾਸਤਰੀ ਸੰਗੀਤਕਾਰ ਦੀ ਪੇਸ਼ਕਾਰੀ ਹੋਵੇਗੀ । 26 ਫਰਵਰੀ ਨੂੰ ਬਾਰਾਂਦਰੀ ਬਾਗ 'ਚ ਫੁੱਲਾਂ ਦੀ ਪ੍ਰਰਦਰਸ਼ਨੀ ਲੱਗੇਗੀ ਜਦੋਂਕਿ ਯਾਦਵਿੰਦਰਾ ਪਬਲਿਕ ਸਕੂਲ 'ਚ ਸ਼ਾਮ ਵੇਲੇ ਉਸਤਾਦ ਨਾਸੀਰ ਅਹਿਮਦ ਵਾਰਸੀ ਵੱਲੋਂ ਪੁਰਾਤਨ ਸ਼ੈਲੀ 'ਚ ਕਵਾਲੀ ਗਾਇਨ ਅਤੇ ਸੂਫ਼ੀ ਗਾਇਕੀ ਦੀ ਪੇਸ਼ਕਾਰੀ ਹੋਵੇਗੀ।
27 ਫਰਵਰੀ ਨੂੰ ਵਿਰਾਸਤੀ ਸੈਰ (ਹੈਰੀਟੇਜ ਵਾਕ) ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋਵੇਗੀ ਜੋ ਕਿ ਛੱਤਾ ਨਾਨੂਮੱਲ ਤੋਂ ਹੁੰਦੇ ਹੋਏ, ਬਰਤਨ ਬਜ਼ਾਰ, ਰਜੇਸ਼ਵਰੀ ਸ਼ਿਵ ਮੰਦਰ, ਦਰਸ਼ਨੀ ਡਿਓੜੀ ਅਤੇ ਕਿਲਾ ਮੁਬਾਰਕ ਤੱਕ ਜਾਵੇਗੀ ਤੇ ਸ਼ਾਮ ਨੂੰ ਸਮਾਪਤੀ ਸਮੇਂ ਐਨ.ਆਈ.ਐਸ. ਵਿਖੇ ਹਰਬਖ਼ਸ ਸਿੰਘ ਲਾਟਾ ਵੱਲੋਂ ਨਿਰਦੇਸ਼ਤ 'ਜੰਗ-ਏ-ਸਾਰਾਗੜਈ ' ਲਾਇਟ ਐਂਡ ਸਾਊਂਡ ਪਨੋਰਮਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ। ਇਸੇ ਦੌਰਾਨ ਭਾਸ਼ਾ ਵਿਭਾਗ ਨੇੜੇ ਸਥਿਤ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਵਿਰਸਾ ਵਿਹਾਰ ਕੇਂਦਰ ਵਿਖੇ 21 ਤੋਂ 27 ਫਰਵਰੀ ਤੱਕ ਵਿਰਾਸਤੀ ਪ੍ਰਦਰਸ਼ਨੀ ਵੀ ਲੱਗੇਗੀ, ਜਿਥੇ, ਪੁਰਾਤਨ ਹੱਥ ਲਿਖ਼ਤ ਧਾਰਮਿਕ ਗ੍ਰੰਥ, ਪੋਥੀਆਂ, ਵਿਰਾਸਤੀ ਪੇਟਿੰਗਜ, ਨਾਨਕਸ਼ਾਹੀ ਤੇ ਹੋਰ ਪੁਰਾਤਨ ਸਿੱਕੇ ਅਤੇ ਹੋਰ ਪੁਰਾਤਨ ਸ਼ਸ਼ਤਰ ਸਮੇਤ ਵਿਰਾਸਤੀ ਵਸਤਾਂ ਦਰਸ਼ਕਾਂ ਦੇ ਦੇਖਣ ਲਈ ਪ੍ਰਦਰਸ਼ਤ ਹੋਣਗੀਆਂ।