ਫੜਿਆ ਗਿਆ ਤਸਕਰ ਜੱਜ ਸਿੰਘ ਪੁਲਿਸ ਪਾਰਟੀ ਨਾਲ ।
ਗੁਰਿੰਦਰ ਸਿੰਘ
ਫਿਰੋਜ਼ਪੁਰ 20 ਫਰਵਰੀ 2018 :
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਥਾਣਾ ਆਰਿਫ ਕੇ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਜੱਜ ਸਿੰਘ ਨਾਮੀ ਇੱਕ ਤਸਕਰ ਕੋਲੋਂ ਦੋ ਕਰੋੜ ਰੁਪਏ ਮੁੱਲ ਦੀ 400 ਗਰਾਮ ਹੈਰੋਇਨ ਬਰਾਮਦ ਕੀਤੀ। ਸਦਰ ਫ਼ਿਰੋਜ਼ਪੁਰ ਅਧੀਨ ਥਾਣਾ ਆਰਿਫ ਕੇ ਪੁਲਿਸ ਵੱਲੋਂ ਫੜੇ ਗਏ ਵਿਅਕਤੀ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਥਾਣਾ ਮੁੱਖੀ ਆਰਿਫ ਕੇ ਮੋਹਿਤ ਧਵਨ ਅਤੇ ਸਹਾਇਕ ਸਬ ਇੰਸਪੈਕਟਰ ਮਹਿਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਬੀਤੀ ਸ਼ਾਮ ਆਰਿਫ ਕੇ ਦੇ ਸੂਏ ਪੁਲ ਦੇ ਕੋਲ ਸ਼ੱਕੀ ਵਿਅਕਤੀਆਂ ਦੇ ਵਾਹਨਾਂ ਦੀ ਚੈਕਿੰਗ ਲਈ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਤਹਿਤ ਇੱਕ ਬਿਨਾਂ ਨੰਬਰ ਗਲੈਬਰ ਮੋਟਰਸਾਈਕਲ ਰੋਕਿਆ, ਜਿਸ 'ਤੇ ਇੱਕ ਵਿਅਕਤੀ ਸਵਾਰ ਸੀ। ਜਦੋ ਪੁਲਿਸ ਵੱਲੋ ਉਕਤ ਵਿਅਕਤੀ ਦੀ ਸ਼ੱਕ ਦੇ ਤਹਿਤ ਚੈਕਿੰਗ ਕੀਤੀ ਗਈ ਤਾਂ ਉਸ ਦੇ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮੁੱਖੀ ਧਵਨ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਹਿਚਾਨ ਜੱਜ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਮੱਲੇਵਾਲਾ ਥਾਣਾ ਮੱਖੂ ਵਜੋ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਜੱਜ ਸਿੰਘ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿਚ ਨੌ ਮੁਕੱਦਮੇ ਦਰਜ ਹਨ ਅਤੇ ਪੁਲਿਸ ਥਾਣਾ ਆਰਿਫ ਕੇ ਵਿਖੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੂੰ 51 ਅਧੀਨ ਧਾਰਾ 21, 61, 85 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।