ਭਿੱਖੀਵਿੰਡ, 20 ਫਰਵਰੀ 2018:
ਪੰਜਾਬ ਨੈਸ਼ਨਲ ਬੈਂਕ ਭਿੱਖੀਵਿੰਡ ਤੋਂ ਪੈਸੇ ਕਢਵਾ ਕੇ ਆਪਣੇ ਮੋਟਰਸਾਈਕਲ ‘ਤੇ ਵਾਪਸ ਪਿੰਡ ਡੱਲ ਜਾ ਰਹੇ ਦਾਦੀ-ਪੋਤਰੇ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਲੁਟੇਰਿਆਂ ਵੱਲੋਂ 26 ਹਜਾਰ ਰੁਪਏ ਨਕਦ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੁੱਟਖੋਹ ਦੌਰਾਨ ਦਾਦੀ ਦੀ ਬਾਂਹ ਟੁੱਟ ਗਈ ਤੇ ਪੋਤਰਾ ਬੇਹੋਸ਼ ਹੋ ਗਿਆ, ਜਿਹਨਾਂ ਨੂੰ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਲੁੱਟਖੋਹ ਦਾ ਸ਼ਿਕਾਰ ਮਾਤਾ ਦਲੀਪ ਕੌਰ ਪਤਨੀ ਸੰਤੋਖ ਸਿੰਘ ਵਾਸੀ ਪਿੰਡ ਡੱਲ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 3 ਵਜੇਤੋਂ ਬਾਅਦ ਆਪਣੇ ਪੋਤਰੇ ਲਵਪ੍ਰੀਤ ਸਿੰਘ ਪੁੱਤਰ ਗੁਰਸਾਹਿਬ ਸਿੰਘ ਨਾਲ ਪੰਜਾਬ ਨੈਸ਼ਨਲ ਬੈਂਕ ਭਿੱਖੀਵਿੰਡ ਤੋਂ ਪੈਸੇ ਕਢਵਾ ਕੇ ਵਾਪਸ ਪਿੰਡ ਡੱਲ ਜਾ ਰਹੇ ਸੀ ਤਾਂ ਪਿਛੋ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਲੁਟੇਰਿਆਂ ਨੇ ਸ਼ਿਵ ਦੇ ਭੱਠੇ ਨੇੜੇ ਸਾਨੂੰ ਘੇਰ ਕੇ ਸਾਡੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ, ਜਿਸ ਨਾਲ ਮੈਂ ਹੇਠਾ ਡਿੱਗ ਪਈ ਤੇ ਮੇਰਾ ਪੋਤਰਾ ਬੇਹੋਸ਼ ਗਿਆ ਅਤੇ ਲੁਟੇਰੇ ਮੇਰੇ ਕੋਲੋਂ ਪੈਸਿਆ ਵਾਲਾ ਥੈਲਾ ਲੈ ਫਰਾਰ ਹੋ ਗਏ। ਦਲੀਪ ਕੌਰ ਨੇ ਦੱਸਿਆ ਕਿ ਥੈਲੇ ਵਿਚ 26 ਹਜਾਰ ਰੁਪਏ, ਬੈਂਕ ਦੀ ਕਾਪੀ ਸਮਾਨ ਆਦਿ ਕਾਗਜ ਸਨ ਤੇ ਲੁੱਟ ਸੰਬੰਧੀ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਹੈ।