ਪਟਿਆਲਾ, 18 ਫਰਵਰੀ 2018:
ਹਲਕਾ ਸਨੋਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਪਿੰਡ ਬੋਸਰ ਕਲਾਂ ਦੇ ਵਾਟਰ ਵਰਕਸ ਦਾ ਉਦਘਾਟਨ ਕਰਕੇ ਉਸ ਨੂੰ ਪਿੰਡ ਨਿਵਾਸੀਆਂ ਦੇ ਸਪੁਰਦ ਕੀਤਾ। 60 ਲੱਖ ਰੁਪਏ ਦੀ ਲਾਗਤ ਵਾਲੇ ਇਸ ਵਾਟਰ ਵਰਕਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇਹ ਵਾਟਰ ਵਰਕਸ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਮਨਜੂਰ ਕਰਵਾਇਆ ਗਿਆ ਸੀ। ਕਾਂਗਰਸ ਸਰਕਾਰ ਨੇ ਆਉਂਦੇ ਹੀ ਉਸ 'ਤੇ ਰੋਕ ਲਗਾ ਦਿੱਤੀ ਤਾਂ ਉਹਨਾਂ ਨੇ ਖੁਦ ਵਿਧਾਨ ਸਭਾ ਵਿਚ ਇਹ ਮੁੱਦਾ ਚੁੱਕਿਆ ਸੀ ਅਤੇ ਸਰਕਾਰ ਤੋਂ ਲਿਖਤ ਵਿਚ ਜਵਾਬ ਮੰਗਿਆ ਸੀ। ਉਹਨਾਂ ਵੱਲੋਂ ਪੈਰਵਾਈ ਕਰਨ ਤੋਂ ਬਾਅਦ ਫੇਰ ਤੋਂ ਇਸ ਵਾਟਰ ਵਰਕਸ ਦੇ ਲਈ ਫੰਡ ਜਾਰੀ ਕਰਵਾਇਆ। ਉਹਨਾਂ ਐਲਾਨ ਕੀਤਾ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਚੁਣ ਦੇ ਵਿਧਾਨ ਸਭਾ ਵਿਚ ਭੇਜਿਆ ਹੈ ਅਤੇ ਹਲਕੇ ਦਾ ਵਿਕਾਸ ਉਹਨਾਂ ਦਾ ਫਰਜ਼ ਬਣਦਾ ਹੈ। ਅਜਿਹੇ ਵਿਚ ਹਲਕੇ ਦੇ ਵਿਕਾਸ ਅਤੇ ਲੋਕਾਂ ਦੇ ਹਿੱਤ ਲਈ ਉਹਨਾਂ ਨੂੰ ਕਿਤੇ ਵੀ ਜਾਣਾ ਪਿਆ ਤਾਂ ਉਹ ਗੁਰੇਜ਼ ਨਹੀਂ ਕਰਨਗੇ। ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸਨੋਰ ਤੋਂ ਬੋਸਰ ਨੂੰ ਜਾਂਦੀ ਸੜਕ ਬਣਵਾਈ ਗਈ ਸੀ। ਦੋਨਾ ਵੱਡੇ ਕੰਮਾਂ ਲਈ ਪਿੰਡ ਨਿਵਾਸੀਆਂ ਨੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਸਨੋਰ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰ ਕਲਾਂ, ਹਰਮੇਲ ਸਿੰਘ ਸਰਪੰਚ ਬੋਸਰ ਕਲਾਂ , ਅਜਾਇਬ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਨਿਰਮੇਲ ਸਿੰਘ ਅਤੇ ਸ਼ੇਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।