ਸ਼੍ਰੀ ਚਮਕੌਰ ਸਾਹਿਬ, 13 ਫ਼ਰਵਰੀ 2018: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਲੋਕ ਸੂਚਨਾ ਅਫ਼ਸਰਾਂ, ਸਹਾਇਕ ਲੋਕ ਸੂਚਨਾ ਅਫ਼ਸਰਾਂ ਅਤੇ ਸਬੰਧਤ ਸਟਾਫ਼ ਦਾ ਸਿਖਲਾਈ ਪ੍ਰੋਗਰਾਮ ਅੱਜ ਦਫ਼ਤਰ, ਸਬ ਡਵੀਜ਼ਨ ਮੈਜਿਸਟ੍ਰੇਟ ਚਮਕੌਰ ਸਾਹਿਬ ਵਿਖੇ ਖਤਮ ਹੋਇਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਸਬਡਵੀਜ਼ਨ ਚਮਕੌਰ ਸਾਹਿਬ ਦੇ ਵੱਖਵੱਖ ਵਿਭਾਗਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਇਹ ਸਿਖਲਾਈ ਪ੍ਰੋਗਰਾਮ ਭਾਰਤ ਸਰਕਾਰ ਦੀ ਡੀ.ਓ.ਪੀ.ਟੀ. ਸਕੀਮ ਤਹਿਤ ਕਰਵਾਇਆ ਜਾ ਰਿਹਾ ਹੈ। ਜਿਸ ਦਾ ਉਦੇਸ਼ ਸੂਚਨਾ ਅਧਿਕਾਰ ਐਕਟ 2005 ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਸੰਬੰਧਿਤ ਅਫ਼ਸਰਾਂ ਦੇ ਗਿਆਨ ਅਤੇ ਹੁਨਰ ਨੂੰ ਅਪਡੇਟ ਕਰਨਾ ਹੈ।
ਇਸ ਮੌਕੇ ਮੈਡਮ ਰੂਹੀ ਦੁਗ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਨੇ ਆਸ ਪ੍ਰਗਟਾਈ ਕਿ ਇਸ ਸੈਮੀਨਾਰ ਦਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਰੂਰ ਲਾਭ ਮਿਲਿਆ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਤੋਂ ਅਧਿਕਾਰੀਆਂ ਨੂੰ ਡਰਨਾ ਨਹੀਂ ਚਾਹੀਦਾ, ਕੇਵਲ ਮੰਗੀ ਗਈ ਸੂਚਨਾ ਹੀ ਦੇਣੀ ਚਾਹੀਦੀ ਹੈ, ਆਪਣੇ ਪਾਸੋਂ ਕੋਈ ਸੂਚਨਾ ਬਣਾ ਕੇ ਨਹੀਂ ਦਿਤੀ ਜਾ ਸਕਦੀ। ਉਨਾਂ ਕਿਹਾ ਕਿ ਇਸ ਐਕਟ ਤੋਂ ਕੇਵਲ ਅਣਜਾਨਪੁਣੇ ਵਿਚ ਹੀ ਪਰੇਸ਼ਾਨੀ ਹੁੰਦੀ ਹੈ। ਉਨਾਂ ਇਹ ਵੀ ਦੱਸਿਆ ਕਿ ਸੂਚਨਾ ਪ੍ਰਾਪਤ ਨਾ ਹੋਣ ਦੀ ਸੂਰਤ ਵਿਚ ਕਈਂ ਵਿਅਕਤੀ ਸਿੱਧਾ ਰਾਜ ਸੂਚਨਾ ਕਮਿਸ਼ਨਰ ਪਾਸ ਪਹੁੰਚ ਕਰਦੇ ਹਨ, ਇਸ ਦੀ ਬਜਾਏ ਪਹਿਲੀ ਅਪੀਲਕਰਤਾ ਅਧਿਕਾਰੀ ਪਾਸ ਜਾਣਾ ਚਾਹੀਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਐਕਟ ਦੀ ਧਾਰਾ 8 ਅਧੀਨ ਕੋਈ ਵੀ ਸੂਚਨਾ ਮੁਹੱਈਆ ਕਰਨ ਤੋਂ ਇਨਕਾਰੀ ਕੀਤੀ ਜਾ ਸਕਦੀ ਹੈ।ਉਨਾਂ ਇਹ ਵੀ ਕਿਹਾ ਕਿ ਮੰਗੀ ਗਈ ਸੂਚਨਾ 30 ਦਿਨਾਂ ਅੰਦਰ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਈਂ ਸੂਚਨਾਵਾਂ ਸਵਾਲੀਆ ਤੌਰ ਤੇ ਮੰਗੀਆਂ ਜਾਂਦੀਆਂ ਹਨ ਜੋ ਕਿ ਨਹੀਂ ਦਿਤੀਆਂ ਜਾ ਸਕਦੀਆਂ। ਉਨ੍ਹਾ ਕਿਹਾ ਕਿ ਸੂਚਨਾ ਕੇਵਲ ਉਹੀ ਦਿਤੀ ਜਾ ਸਕਦੀ ਹੈ ਜੋ ਦਫਤਰ ਵਿਚ ਉਪਲਬਧ ਹੋਵੇ।ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਮੰਗੀ ਗਈ ਸੂਚਨਾ ਇਕੱਤਰ ਕਰਕੇ ਨਹੀਂ ਦਿਤੀ ਜਾ ਸਕਦੀ। ਇਹ ਸੂਚਨਾ ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵੀ ਰਾਜ ਤੋਂ ਮੰਗ ਸਕਦਾ ਹੈ। ਜੰਮੂ ਕਸ਼ਮੀਰ ਨਾਲ ਸਬੰਧਤ ਸੂਚਨਾ ਕੇਵਲ ਜੰਮੂ ਕਸ਼ਮੀਰ ਦਾ ਨਾਗਰਿਕ ਹੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਸਿਖਲਾਈ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।