← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ 13 ਫਰਵਰੀ 2018 :
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪਾਣੀ ਅਤੇ ਹਵਾ ਦੀ ਕੁਆਲਿਟੀ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ| ਇਸੇ ਲੜੀ ਵਿੱਚ ਬੋਰਡ ਨੇ ਇਹ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਉਦਯੋਗਿਕ ਜ਼ਹਿਰੀਲਾ ਪਾਣੀ ਧਰਤੀ ਹੇਠਾਂ ਬੋਰਾਂ ਰਾਹੀਂ ਪਾਉਣ ਨੂੰ ਹੋਰ ਮੁਸਤੈਦੀ ਨਾਲ ਪੂਰੀ ਤਰ੍ਹਾਂ ਰੋਕਿਆ ਜਾਵੇ| ਬੋਰਡ ਨੇ ਪਾਇਆ ਹੈ ਕਿ ਭਾਵੇਂ ਕਿ ਬੋਰਡ ਦੀਆਂ ਟੀਮਾਂ ਦੇ ਨਿਰੀਖਕਾਂ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਮਿਲਦੀਆਂ ਹਨ, ਪਰ ਫਿਰ ਵੀ ਬੋਰਡ ਨੇ ਅਜਿਹੀਆਂ ਕਾਲੀਆਂ ਭੇਡਾਂ ਤੇ ਨਜ਼ਰ ਰੱਖਣ ਲਈ ਕਿਸੇ ਵੀ ਅਜਿਹੇ ਵਿਅਕਤੀ/ਸੰਸਥਾ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਫ਼ੈਸਲਾ ਲਿਆ ਹੈ, ਜੋ ਬੋਰਡ ਨੂੰ ਸਹੀ ਸੂਚਨਾ ਪ੍ਰਦਾਨ ਕਰੇਗਾ ਕਿ ਕਿਸੇ ਖ਼ਾਸ ਉਦਯੋਗ ਵੱਲੋਂ ਆਪਣੀ ਚਾਰਦੀਵਾਰੀ ਦੇ ਅੰਦਰ ਜਾਂ ਕਿਸੇ ਹੋਰ ਥਾਂ ਤੇ ਬੋਰੇ-ਵੱਲ ਰਾਹੀਂ ਆਪਣਾ ਅਣਸੋਧਿਆ ਪਾਣੀ ਧਰਤੀ ਹੇਠਲੇ ਪਾਣੀ ਨਾਲ ਮਿਲਾਇਆ ਜਾ ਰਿਹਾ ਹੈ ਅਤੇ ਸੂਚਨਾ ਦੇਣ ਵਾਲੇ ਵਿਅਕਤੀ/ਸੰਸਥਾ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ| ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਕੁਦਰਤ ਦੀ ਵੱਡੀ ਨਿਆਮਤ ਹੈ ਜਿਸ ਤੇ ਸਮੁੱਚੀ ਕਾਇਨਾਤ ਨਿਰਭਰ ਕਰਦੀ ਹੈ ਇਸ ਦੀ ਪਵਿੱਤਰਤਾ ਕਾਇਮ ਰੱਖਣਾ ਹਰੇਕ ਨਾਗਰਿਕ ਦਾ ਨੈਤਿਕ ਫ਼ਰਜ਼ ਹੈ| ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਬਾਰੇ ਸੰਵੇਦਨਸ਼ੀਲਤਾ ਅਪਣਾਉਂਦਿਆਂ ਜੇਕਰ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਕਿਸੇ ਉਦਯੋਗ ਵੱਲੋਂ ਜ਼ਹਿਰੀਲਾ ਪਾਣੀ ਬੋਰ ਕਰਕੇ ਧਰਤੀ ਵਿੱਚ ਸੁੱਟਿਆ ਜਾ ਰਿਹਾ ਹੈ ਤਾਂ ਉਹ ਇਸ ਬਾਰੇ ਸੂਚਨਾ ਬੋਰਡ ਦੇ ਮੋਬਾਈਲ ਨੰਬਰ 9878950593 ਤੇ ਜਾਂ ਚਿੱਠੀ ਲਿਖ ਕੇ ਜਾਂ ਈਮੇਲ ਰਾਹੀਂ ਦੇਣ ਤਾਂ ਜੋ ਬੋਰਡ ਵੱਲੋਂ ਇਸ ਸਬੰਧੀ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ|
Total Responses : 942