ਚੰਡੀਗੜ੍ਹ, 12 ਫਰਵਰੀ 2018:
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਫੌਜੀ ਵਿੰਗ ਦੇ ਪ੍ਰਧਾਨ ਜਨਰਲ (ਸੇਵਾ ਮੁਕਤ) ਜੇ ਜੇ ਸਿੰਘ ਨੇ ਅੱਜ ਕਾਂਗਰਸ ਸਰਕਾਰ ਨੂੰ ਸਾਬਕਾ ਫੌਜੀਆਂ ਲਈ ਰਾਂਖਵੀਆਂ ਅਸਾਮੀਆਂ ਨੂੰ ਤੁਰੰਤ ਭਰਨ ਲਈ ਆਖਿਆ ਹੈ। ਉਹਨਾਂ ਨੇ ਸਾਬਕਾ ਫੌਜੀਆਂ ਦੀ ਸਰਕਾਰੀ ਨੌਕਰੀਆਂ ਵਿਚ ਮੁੜ-ਨਿਯੁਕਤੀ ਮੌਕੇ ਉਹਨਾਂ ਦੇ ਰੈਂਕ ਦੀ ਹਿਫਾਜ਼ਤ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਵਿਖੇ ਸਾਬਕਾ ਫੌਜੀਆਂ ਦੀ ਪਹਿਲੀ ਮੀਟਿੰਗ ਹੋਈ, ਜਿਸ ਵਿਚ ਖਰਾਬ ਮੌਸਮ ਦੇ ਬਾਵਜੂਦ ਸੂਬੇ ਭਰ ਵਿਚੋਂ ਸੀਨੀਅਰ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਜਨਰਲ (ਸੇਵਾ ਮੁਕਤ) ਜੇ ਜੇ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸਰਕਾਰੀ ਨੌਕਰੀਆਂ ਵਿਚ ਸਾਬਕਾ ਫੌਜੀਆਂ ਦਾ 13 ਫੀਸਦੀ ਕੋਟਾ ਨਾ ਭਰਨ ਵਾਸਤੇ ਬਹਾਨੇ ਨਹੀਂ ਘੜਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਜਿੱਥੇ ਵੀ ਲੋੜ ਹੋਵੇ, ਸਾਬਕਾ ਫੌਜੀਆਂ ਨੂੰ ਹੁਨਰਮੰਦ ਬਣਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਕੋਟਾ ਢੁੱਕਵੇਂ ਤਰੀਕੇ ਨਾਲ ਭਰਿਆ ਜਾਵੇ।
ਸਾਬਕਾ ਫੌਜੀਆਂ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਮੀਟਿੰਗ ਦੌਰਾਨ ਇਹ ਫੀਡਬੈਕ ਵੀ ਮਿਲੀ ਹੈ ਕਿ ਜਦੋਂ ਸਾਬਕਾ ਫੌਜੀ ਪੁਲਿਸ ਦੀ ਨੌਕਰੀ ਕਰਦੇ ਹਨ ਤਾਂ ਉਹਨਾਂ ਨੂੰ ਬਰਾਬਰ ਦਾ ਰੈਂਕ ਨਹੀਂ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅਸੀਂ ਇਹ ਮੁੱਦਾ ਪੂਰੇ ਜ਼ੋਰ ਨਾਲ ਉਠਾਵਾਂਗੇ ਅਤੇ ਇਸ ਨੂੰ ਹੱਲ ਕਰਾਵਾਂਗੇ। ਉਹਨਾਂ ਇਹ ਵੀ ਕਿਹਾ ਕਿ ਸਾਬਕਾ ਫੌਜੀਆਂ ਵੱਲੋਂ ਇਹ ਸ਼ਿਕਾਇਤਾਂ ਵੀ ਮਿਲੀਆਂ ਹਨ ਕਿ ਪਿਛਲੇ ਇੱਕ ਸਾਲ ਤੋਂ ਸਰਕਾਰੀ ਦਫਤਰਾਂ ਅੰਦਰ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵਧ ਗਿਆ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ਦੀ ਘੋਖ ਕਰਨ ਲਈ ਅਸੀਂ ਇੱਕ ਕਮੇਟੀ ਬਣਾਵਾਂਗੇ।
ਜਨਰਲ ਜੇ ਜੇ ਸਿੰਘ ਨੇ ਕਿਹਾ ਕਿ ਸਾਬਕਾ ਫੌਜੀਆਂ ਅੰਦਰ ਇਹ ਭਾਵਨਾ ਵੀ ਪਾਈ ਜਾਂਦੀ ਹੈ ਕਿ ਉਹਨਾਂ ਨੂੰ ਸਰਕਾਰੀ ਦਫਤਰਾਂ ਅੰਦਰ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਨੂੰ ਉਹ ਸਨਮਾਨ ਨਹੀਂ ਮਿਲ ਰਿਹਾ ਹੈ, ਜਿਸ ਦੇ ਉਹ ਹੱਕਦਾਰ ਹਨ। ਸਰਕਾਰ ਨੂੰ ਤੁਰੰਤ ਇਸ ਮਸਲੇ ਨੂੰ ਹੱਲ ਕਰਨ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਇਹ ਵੀ ਮੰਗ ਕੀਤੀ ਕਿ ਜਿਹੜੇ ਫੌਜੀ ਡਿਊਟੀ ਕਰਦਿਆਂ ਸ਼ਹੀਦ ਹੋ ਜਾਂਦੇ ਹਨ, ਉਹਨਾਂ ਨੂੰ ਦਿੱਤਾ ਜਾਂਦਾ ਮੁਆਵਜ਼ਾ ਵਧਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਫੌਜੀਆਂ ਦੇ ਪਰਿਵਾਰਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਉਹ ਬਹੁਤ ਹੀ ਥੋੜ•ਾ ਹੈ, ਇਸ ਨੂੰ ਵਧਾਏ ਜਾਣ ਦੀ ਲੋੜ ਹੈ।
ਜਨਰਲ ਜੇ ਜੇ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਜਲਦੀ ਹੀ ਸਾਬਕਾ ਫੌਜੀਆਂ ਦੇ ਵਿੰਗ ਨੂੰ ਹੋਰ ਵੱਡਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਦੀ ਸ਼ੁਰੂਆਤ ਪਿੰਡ ਪੱਧਰ ਤੋਂ ਕਰ ਰਹੇ ਹਾਂ ਅਤੇ ਸੂਬੇ ਅੰਦਰ ਹਰ ਪੱਧਰ ਉੱਤੇ ਸਾਡੀ ਮੈਂਬਰਸ਼ਿਪ ਹੋਵੇਗੀ।
ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸੀਨੀਅਰ ਅਹੁਦੇਦਾਰਾਂ ਨੇ ਭਾਗ ਲਿਆ। ਇਹਨਾਂ ਵਿਚੋਂ ਸਾਬਕਾ ਵਿੰਗ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ, ਕੈਪਟਨ ਜਰਨੈਲ ਸਿੰਘ ਦਿਲਾਜਨ, ਬ੍ਰਿਗੇਡੀਅਰ ਜੇ ਐਸ ਰੰਧਾਵਾ, ਕਰਨਲ ਆਰ ਕੇ ਸਿੰਘ, ਕਰਨਲ ਕੁਲਦੀਪ ਵਿਰਕ, ਕੈਪਟਨ ਗੁਰਮੀਤ ਸਿੰਘ ਰੋਪੜ, ਕੈਪਟਨ ਮੁਲਤਾਨ ਸਿੰਘ, ਸੂਬੇਦਾਰ ਸੁਖਪਾਲ ਸਿੰਘ, ਸੂਬੇਦਾਰ ਸਰਬਜੀਤ ਸਿੰਘ ਅਤੇ ਸੂਬੇਦਾਰ ਗੁਰਤੇਜ ਸਿੰਘ ਨੇ ਇਸ ਮੀਟਿੰਗ ਨੂੰ ਸੰਬੋਧਨ ਕੀਤਾ।