ਜੀ ਐੱਸ ਪੰਨੂ
ਪਟਿਆਲਾ 2 ਫਰਵਰੀ 2018 :
ਵਿਦਿਆਰਥੀਆਂ ਦੇ ਇਮਤਿਹਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਬੋਰਡ ਨੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਸਿਵਲ ਪਟੀਸ਼ਨ 72 ਆਫ 1998 ਮਿਤੀ 18.7.2005 ਦੇ ਜਾਰੀ ਹੁਕਮ ਅਨੁਸਾਰ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਕਿਸੇ ਵੀ ਕਿਸਮ ਦੇ ਸ਼ੋਰ ਦੀ ਪੂਰਨ ਮਨਾਹੀ ਹੈ, ਨੂੰ ਲਾਗੂ ਕਰਨ ਵਿੱਚ ਪੂਰੀ ਮੁਸ਼ਤੈਦੀ ਵਰਤਣ।
ਬੋਰਡ ਦੇ ਚੇਅਰਮੈਨ ਸ਼੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਵੀ ਸਾਇੰਸ, ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਸ਼ੋਰ ਪ੍ਰਦੂਸ਼ਣ ਨੂੰ ਨਿਯੰਤਰਣ ਅਤੇ ਕਾਬੂ ਕਰਨ ਲਈ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਜ਼ਿਲਿ੍ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਸੀ ਕਿ ਗੁਰਦੁਆਰਿਆਂ, ਮੰਦਿਰਾਂ ਵਿੱਚ ਲੱਗੇ ਲਾਊਡ ਸਪੀਕਰਾਂ ਦੇ ਸ਼ੋਰ ਨੂੰ ਨਿਯੰਤਰਣ ਕਰਨ ਲਈ ਅਤੇ ਵਿਆਹ—ਸ਼ਾਦੀਆਂ ਤੇ ਵੱਜਦੇ ਡੀਜੇ ਦੇ ਸ਼ੋਰ ਨੂੰ ਰੋਕਣ ਲਈ ਹੁਕਮ ਜਾਰੀ ਕਰਨ ਅਤੇ ਸਬ—ਡਿਵੀਜ਼ਨ ਮੈਜਿਸਟ੍ਰੇਟਾਂ ਨੂੰ ਨਿਰਦੇਸ਼ ਦੇਣ ਕਿ ਉਹਨਾਂ ਦੇ ਖੇਤਰ ਵਿੱਚ ਪੈਂਦੇ ਗੁਰਦੁਆਰਿਆਂ/ਮੰਦਿਰਾਂ ਦੀਆਂ ਕਮੇਟੀਆਂ ਅਤੇ ਮੈਰਿਜ ਪੈਲੇਸਾਂ ਦੇ ਮਾਲਕਾਂ ਨਾਲ ਤਹਿਸੀਲ, ਬਲਾਕ ਅਤੇ ਪਿੰਡ ਪੱਧਰ ਤੇ ਮੀਟਿੰਗਾਂ ਕਰਕੇ ਅਜਿਹੀ ਵਿਧੀ ਵਿਕਸਤ ਕਰਨ ਕਿ ਇਹਨਾਂ ਅਦਾਰਿਆਂ ਤੋਂ ਹੋ ਰਿਹਾ ਸ਼ੋਰ ਨਿਰਧਾਰਤ ਹੱਦਾਂ ਵਿੱਚ ਰਹੇ।
ਸ਼੍ਰੀ ਪੰਨੂੰ ਨੇ ਅੱਗੇ ਦੱਸਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੇ ਵੀ ਮਿਤੀ 23.11.2005 ਨੂੰ ਇੱਕ ਹੁਕਮਨਾਮ ਜਾਰੀ ਕਰਦਿਆਂ ਵਿਦਿਆਰਥੀਆਂ, ਰੋਗੀਆਂ ਅਤੇ ਵੱਖ—ਵੱਖ ਖੇਤਰ ਵਿੱਚ ਵਿਚਰ ਰਹੇ ਵਿਅਕਤੀਆਂ ਤੋਂ ਪ੍ਰਾਪਤ ਪੱਤ੍ਰਿਕਾਵਾਂ ਦੇ ਮੱਦੇਨਜਰ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਉਹ ਗੁਰੂ ਘਰਾਂ ਵਿੱਚ ਲਾਊਡ ਸਪੀਕਰਾਂ ਦੀ ਆਵਾਜ਼ ਸੀਮਾਂ ਨਿਰਧਾਰਤ ਕਰਨ ਅਤੇ ਅਜਿਹੇ ਪ੍ਰਬੰਧ ਯਕੀਨੀ ਬਣਾਉਣ ਕਿ ਲਾਊਡ ਸਪੀਕਰਾਂ ਦੀ ਆਵਾਜ਼ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਸੀਮਤ ਰਹੇ। ਪਰ ਫਿਰ ਵੀ ਸਵੇਰੇ ਸ਼ਾਮ ਧਾਰਮਿਕ ਅਸਥਾਨਾਂ ਦੇ ਸਪੀਕਰਾਂ ਦਾ ਸ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਫਿਰ ਕਿਹਾ ਗਿਆ ਹੈ ਕਿ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਅਤੇ ਖਾਸ ਕਰਕੇ ਨੇੜਲੇ ਭਵਿੱਖ ਵਿੱਚ ਵਿਦਿਆਰਥੀਆਂ ਦੇ ਇਮਤਿਹਾਨਾਂ ਨੂੰ ਖਿਆਲ ਵਿੱਚ ਰੱਖਦਿਆਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ/ਮੰਦਿਰ ਕਮੇਟੀਆਂ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਆਗੂਆਂ ਨੂੰ ਲਾਊਡ ਸਪੀਕਰਾਂ ਦੀ ਆਵਾਜ਼ ਅਸਥਾਨ ਦੀ ਹਦੂਦ ਅੰਦਰ ਹੀ ਸੀਮਤ ਕਰਨ ਲਈ ਕਹਿਣ ਅਤੇ ਸ਼ੋਰ ਪ੍ਰਦੂਸ਼ਣ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਲੋਕ—ਰਾਇ ਉਸਾਰਨ ਦੇ ਨਾਲ—ਨਾਲ ਇਹ ਹੁਕਮ ਲਾਗੂ ਕਰਨ ਲਈ ਤੁਰੰਤ ਕਦਮ ਚੁੱਕਣ। ਸ਼੍ਰੀ ਪੰਨੂੰ ਨੇ ਲੋਕਾਂ ਨੂੰ ਖਾਸ ਕਰ ਧਾਰਮਿਕ ਅਸਥਾਨਾਂ ਦੇ ਨੁੰਮਾਇੰਦਿਆਂ ਅਤੇ ਮੈਰਿਜ ਪੈਲੇਸ ਵਾਲਿਆਂ ਨੂੰ ਕਿਹਾ ਕਿ ਸ਼ੋਰ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਹਰ ਸੰਭਵ ਸਹਿਯੋਗ ਦੇਣ।