ਲੁਧਿਆਣਾ 22 ਜਨਵਰੀ 2018: ਕੈਨੇਡਾ ਅਧਾਰਿਤ ਬ੍ਰਿਟਿਸ਼ ਕੋਲੰਬੀਆ ਕਲਚਰਲ ਫਾਉਂਡੇਸ਼ਨ ਵੱਲੋਂ ਪ੍ਰਸਿੱਧ ਲੇਖਕ ਤੇ ਸੀਨੀਅਰ ਪੱਤਰਕਾਰ ਹਰਬੀਰ ਸਿੰਘ ਭੰਵਰ ਨੂੰ ਪੰਜਵਾਂ ਸ: ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਸ: ਬਾਸੀ ਕੈਨੇਡਾ ਵੱਸਦੇ ਉੱਘੇ ਲੇਖਕ ਮੰਗਾ ਸਿੰਘ ਬਾਸੀ ਦੇ ਪਿਤਾ ਜੀ ਸਨ। ਜਲੰਧਰ ਜ਼ਿਲ੍ਹੇ ਦੇ ਪਿੰਡ ਬੀੜ ਬੰਸੀਆਂ ਦਾ ਇਹ ਪਰਿਵਾਰ ਪਿਛਲੇ 40 ਸਾਲ ਤੋਂ ਕੈਨੇਡਾ ਵੱਸਦਾ ਹੈ।
ਬੀ ਸੀ ਕਲਚਰਲ ਫਾਉਂਡੇਸ਼ਨ ਦੇ ਮੈਂਬਰਾਂ ਨਾਵਲਕਾਰ ਜਰਨੈਲ ਸਿੰਘ ਸੇਖਾ ਤੇ ਕਵੀ ਮੋਹਨ ਗਿੱਲ ਨੇ ਅੱਜ ਇਹ ਐਲਾਨ ਕਰਦਿਆਂ ਦੱਸਿਆ ਕਿਸ: ਹਰਬੀਰ ਸਿੰਘ ਭੰਵਰ ਨੂੰ ਇਹ ਪੁਰਸਕਾਰ 17 ਫਰਵਰੀ ਨੂੰ ਜੀ ਜੀ ਐੱਨ ਖਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਸਮਾਗਮ ਚ ਪ੍ਰਦਾਨ ਕੀਤਾ ਜਾਵੇਗਾ। ਸਮਾਰੋਹ ਵਿੱਚ ਮੰਗਾ ਸਿੰਘ ਬਾਸੀ ਵੀ ਸ਼ਾਮਿਲ ਹੋਣ ਲਈ ਪੁੱਜ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਡਾ: ਐੱਸ ਪੀ ਸਿੰਘ ਕਰਨਗੇ।
ਮੋਹਨ ਗਿੱਲ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਦੀ ਨਕਦ ਧਨ ਰਾਸ਼ੀ ਤੋਂ ਇਲਾਵਾ ਦੋਸ਼ਾਲਾ ਤੇ ਸਨਮਾਨ ਪੱਤਰ ਵੀ ਭੇਂਟ ਕੀਤਾ ਜਾਵੇਗਾ।
ਪੱਖੋਵਾਲ(ਲੁਧਿਆਣਾ) ਦੇ ਜੰਮਪਲ ਸ: ਹਰਬੀਰ ਸਿੰਘ ਭੰਵਰ ਮੁਢਲੇ ਜੀਵਨ ਚ ਅਧਿਆਪਕ ਸਨ ਅਤੇ ਪੇਂਟਿੰਗ ਦੇ ਸ਼ੌਕੀਨ ਹੋਣ ਕਾਰਨ ਚਿਤਰਕਾਰ ਸ: ਸੋਭਾ ਸਿੰਘ ਜੀ ਦੇ ਪਰਿਵਾਰ ਚ ਘੁਲ ਮਿਲ ਗਏ। ਕੁਲਦੀਪ ਨੱਈਅਰ ਜੀ ਦੀ ਪ੍ਰੇਰਨਾ ਨਾਲ ਪੱਤਰਕਾਰੀ ਵੱਲ ਮੁੜੇ।
ਧਰਮਸਾਲਾ, ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਚ ਵੱਖ ਵੱਖ ਅਖਬਾਰਾਂ ਚ ਕਰਮਸ਼ੀਲ ਰਹੇ। ਦਰਬਾਰ ਸਾਹਿਬ ਤੇ 1984 ਚ ਹੋਏ ਹਮਲੇ ਵੇਲੇ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਅਫ਼ਸਰ ਹੋਣ ਤੋਂ ਇਲਾਵਾ ਕਈ ਨਿਊਜ਼ ਏਜੰਸੀਆਂ ਦੇ ਪ੍ਰਤੀਨਿਧ ਸਨ।
ਆਪ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ ਪੰਜਾਬ ਦਾ ਲੋਕ ਨਾਇਕ,ਜੀਵਨੀ ਸ: ਸੋਭਾ ਸਿੰਘ ਚਿਤਰਕਾਰ, ਓਪਰੇਸ਼ਨ ਬਲਿਊਸਟਾਰ ਬਾਰੇ ਡਾਇਰੀ ਦੇ ਪੰਨੇ, ਕੀ ਖਾਲਿਸਤਾਨ ਬਣੇਗਾ, ਸਫਰਨਾਮਾ ਕੈਨੇਡਾ ਤੇ ਗੋਆ ਦਾ ਸਫਰਨਾਮਾ ਨਾਰੀਅਲ ਦੀ ਧਰਤੀ ਤੇ ਲਿਖਣ ਤੋਂ ਇਲਾਵਾ ਕਈ ਹੋਰ ਪੁਸਤਕਾਂ ਸਿਰਜੀਆਂ ਹਨ। ਲੁਧਿਆਣਾ ਵੱਸਦੇ ਲੇਖਕ ਹਰਬੀਰ ਸਿੰਘ ਨੂੰ ਇਹ ਪੁਰਸਕਾਰ ਮਿਲਣ ਦੇ ਐਲਾਨ ਤੇ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਭੱਠਲ, ਜਸਵੰਤ ਜਫ਼ਰ, ਡਾ: ਗੁਰਇਕਬਾਲ ਸਿੰਘ,ਸਤੀਸ਼ ਗੁਲ੍ਹਾਟੀ, ਬਲਦੇਵ ਸਿੰਘ ਸੜਕਨਾਮਾ, ਖੁਸ਼ਵੰਤ ਬਰਗਾੜੀ, ਮਨਜਿੰਦਰ ਧਨੋਆ, ਤਰਲੋਚਨ ਲੋਚੀ, ਦੇਵਿੰਦਰ ਸੇਖਾ ਗੁਰਮੀਤ ਕੜਿਆਲਵੀ,ਗੁਰਬਚਨ ਸਿੰਘ ਚਿੰਤਕ ਟੋਰੰਟੋ ਨੇ ਨਿਜੀ ਰੂਪ ਵਿੱਚ ਮੁਬਾਰਕਬਾਦ ਦਿੱਤੀ ਹੈ।