ਨਵੀਂ ਦਿੱਲੀ 22 ਜਨਵਰੀ 2018: ਸੰਸਾਰ ਦੇ ਕਾਮਯਾਬ ਜਰਨੈਲਾਂ ’ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮਹਾਨ ਯੋਧਾ ਹਰੀ ਸਿੰਘ ਨਲੂਆ ਦੇ ਨਾਂ ’ਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਮੁੰਡਆਂ ਲਈ ਹੋਸਟਲ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ 150 ਮੁੰਡਆਂ ਦੀ ਰਿਹਾਇਸ਼ ਲਈ ਬਣਨ ਵਾਲੇ ਹੋਸਟਲ ਦੇ ਉਸਾਰੀ ਕਾਰਜਾਂ ਦੀ ਅਰਦਾਸ ਉਪਰੰਤ ਕਹੀ ਚਲਾਕੇ ਸ਼ੁਰੂਆਤ ਕੀਤੀ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਾਲਜ ਦੇ ਚੇਅਰਮੈਨ ਤ੍ਰਿਲੋਚਨ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਕਈ ਪ੍ਰਮੁੱਖ ਸਖਸ਼ੀਅਤਾ ਨੇ ਇਸ ਮੌਕੇ ਹਾਜ਼ਰੀ ਭਰੀ।
ਪੁਰੀ ਨੇ ਹਰੀ ਸਿੰਘ ਨਲੂਆ ਨੂੰ ਮਹਾਨ ਸਿੱਖ ਜਰਨੈਲ ਦੱਸਦੇ ਹੋਏ ਦਿੱਲੀ ਕਮੇਟੀ ਵੱਲੋਂ ਹੋਸਟਲ ਦਾ ਨਾਂ ਨਲੂਆ ਨੂੰ ਸਮਰਪਿਤ ਕਰਨ ਨੂੰ ਚੰਗਾ ਕਦਮ ਦੱਸਿਆ। ਜੀ.ਕੇ. ਨੇ ਕਿਹਾ ਕਿ ਪਹਿਲੇ ਕੁੜੀਆਂ ਵਾਸਤੇ ਕਮੇਟੀ ਵੱਲੋਂ ਮਾਤਾ ਸਾਹਿਬ ਕੌਰ ਦੇ ਨਾਂ ’ਤੇ ਹੋਸਟਲ ਬਣਾਇਆ ਗਿਆ ਸੀ ਤੇ ਹੁਣ ਮੁੰਡਆਂ ਲਈ ਦੁਨੀਆ ਦੇ ਨੰਬਰ 1 ਜਰਨੈਲ ਹਰੀ ਸਿੰਘ ਨਲੂਆ ਦੇ ਨਾਂ ’ਤੇ ਹੋਸਟਲ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਖ਼ੈਬਰ ਦ੍ਰਰੇ ਦੇ ਪੱਖਤੂਨੀਸਤਾਨ ਸੂਬੇ ’ਤੇ ਅਫ਼ਗਾਨਾ ਦੇ ਹੋਣ ਵਾਲੇ ਹਮਲੇ ਨੂੰ ਪੱਕੇ ਤੌਰ ’ਤੇ ਰੋਕ ਕੇ ਫਤਹਿ ਪ੍ਰਾਪਤ ਕਰਨ ਵਾਲੇ ਨਲੂਆ ਦੇ ਨਾਂ ’ਤੇ ਪੱਖਤੂਨੀਸਤਾਨ ਦਾ ਨਾਂ ਰੱਖਣ ਦੀ ਜੀ.ਕੇ. ਨੇ ਮੰਗ ਕੀਤੀ।
ਜੀ.ਕੇ. ਨੇ ਕਿਹਾ ਕਿ ਨਲੂਆ ਨੇ ਰਣਨੀਤੀ ਅਤੇ ਰਣਕੌਸ਼ਲ ਸੱਦਕਾ ਸਿੱਖ ਰਾਜ ਦਾ ਝੰਡਾ ਹਮੇਸ਼ਾ ਝੁਲਾਇਆ ਸੀ। ਇਸ ਕਰਕੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਮਹਾਨ ਸਿੱਖ ਯੋਧੇ ਦੇ ਇਤਿਹਾਸ ਨਾਲ ਜੋੜਨ ਦੀ ਕਮੇਟੀ ਦੀ ਇਹ ਕੋਸ਼ਿਸ਼ ਹੈ। ਸਿਰਸਾ ਨੇ ਕਾਲਜ ਵਿਦਿਆਰਥੀਆਂ ਲਈ ਬਣਨ ਵਾਲੇ ਹੋਸਟਲ ਨੂੰ ਕਮੇਟੀ ਦੀ ਵੱਡੀ ਪ੍ਰਾਪਤੀ ਦੱਸਦੇ ਹੋਏ ਵਿਦਿਆਰਥੀ ਭਲਾਈ ਦੇ ਕਾਰਜ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕੀਤਾ। ਸਿਰਸਾ ਨੇ ਕਿਹਾ ਕਿ ਨਲੂਆ ਦੇ ਨਾਂ ’ਤੇ ਹੋਸਟਲ ਦਾ ਨਾਂ ਰੱਖ ਕੇ ਅਸੀਂ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ।
ਪੁਰੀ ਨੇ ਇਸ ਮੌਕੇ ਭਾਰਤ ਦੀ ਵਿਦੇਸ਼ ਨੀਤੀ ’ਚ ਹੋ ਰਹੇ ਕੂਟਨੀਤਿਕ ਬਦਲਾਵਾਂ ਬਾਰੇ ਵਿਦਿਆਰਥੀਆਂ ਨੂੰ ਲੈਕਚਰ ਰਾਹੀਂ ਸਮਝਾਇਆ। ਪੁਰੀ ਨੇ ਦੱਸਿਆ ਕਿ ਵਿਦੇਸ਼ ਨੀਤੀ ’ਚ ਲੰਬੇ ਸਮੇਂ ਤੋਂ ਲੋੜੀਂਦਾ ਬਦਲਾਵਾਂ ਨੂੰ ਕੇਂਦਰ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂਕਿ ਭਾਰਤੀ ਵਿਦੇਸ਼ ਨੀਤੀ ਦੀ ਦੁਨੀਆਂ ’ਚ ਧਾਕ ਵੱਧੇ। 2019 ਤਕ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰੀਸ਼ਦ ’ਚ ਪੱਕੀ ਸੀਟ ਦੇ ਨਾਲ ਹੀ ਪਰਮਾਣੂ ਸਪਲਾਈ ਗਰੁੱਪ ’ਚ ਸਾਡਾ ਦੇਸ਼ ਮੈਂਬਰ ਬਣ ਸਕੇ।