ਫਿਰੋਜ਼ਪੁਰ 22 ਜਨਵਰੀ 2018 (ਗੁਰਿੰਦਰ ਸਿੰਘ) :
ਯੂ ਕੇ ਦਾ ਵਰਕ ਪਰਮਿਟ ਦਿਵਾ ਕੇ ਦੇਣ ਦਾ ਝਾਂਸਾ ਦੇ ਕੇ ਵਿਅਕਤੀ ਨਾਲ ਦਿੱਲੀ ਦੀ ਟਰੈਵਲਜ਼ ਏਜ਼ੰਟ ਸਮੇਤ ਦੋ ਵਿਅਕਤੀਆਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਦੇ ਵਿਰੁੱਧ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਵਿਅਕਤੀ ਰਣਜੀਤ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਪਿੰਡ ਜਤਾਲਾ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣਾ ਸੀ ਅਤੇ ਉਹ ਕਿਸੇ ਚੰਗੇ ਏਜੰਟ ਦੀ ਤਲਾਸ਼ ਵਿਚ ਸੀ। ਰਣਜੀਤ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਮਿਲਾਪ ਰਸ਼ਪਾਲ ਸਿੰਘ ਅਤੇ ਰਾਜਨ ਮੁਖੀਜਾ ਦਫਤਰ ਯੂਰੇ ਸਟਾਰ ਟੂਰ ਐਂਡ ਟਰੈਵਲਜ਼ ਨਵੀਂ ਦਿੱਲੀ ਨਾਲ ਹੋਇਆ, ਜਿਸ ਨੇ ਆਖਿਆ ਕਿ ਉਹ ਥੋੜੇ ਹੀ ਰੁਪਇਆ ਵਿਚ ਉਨ੍ਹਾਂ ਨੂੰ ਵਿਦੇਸ਼ ਭੇਜ ਦੇਣਗੇ। ਰਣਜੀਤ ਨੇ ਦੱਸਿਆ ਕਿ ਮਿਥੀ ਤਰੀਕ ਦੇ ਮੁਤਾਬਿਕ ਉਸ ਵਲੋਂ ਰਸ਼ਪਾਲ ਅਤੇ ਰਾਜਨ ਨੂੰ 5 ਲੱਖ 70 ਹਜ਼ਾਰ ਰੁਪਏ ਦੇ ਦਿੱਤੇ ਅਤੇ ਇਸ ਦੌਰਾਨ ਰਾਜਨ ਨੇ ਉਸ ਨੂੰ ਆਖਿਆ ਕਿ ਦੋ-ਚਾਰ ਮਹੀਨਿਆਂ ਵਿਚ ਉਸ ਦਾ ਵੀਜ਼ਾ ਯੂ ਕੇ ਦਾ ਲੱਗ ਜਾਵੇਗਾ। ਰਣਜੀਤ ਨੇ ਦੱਸਿਆ ਕਿ ਜਦੋਂ 5 ਮਹੀਨੇ ਬੀਤ ਜਾਣ ਦੇ ਬਾਅਦ ਉਸ ਨੇ ਦੁਬਾਰਾ ਰਾਜਨ ਅਤੇ ਰਸ਼ਪਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਖਿਆ ਕਿ ਫਾਈਲ ਉਪਰ ਐਮਬੈਂਸੀ ਨੂੰ ਭੇਜੀ ਹੋਈ ਹੈ ਅਤੇ ਜਲਦ ਹੀ ਵੀਜ਼ਾ ਲੱਗ ਕੇ ਆ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕਰੀਬ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਉਕਤ ਦੋਵੇਂ ਠੱਗਾਂ ਨੇ ਨਾ ਤਾਂ ਉਸ ਨੂੰ ਯੂ ਕੇ ਦਾ ਵੀਜ਼ਾ ਲੁਆਇਆ ਅਤੇ ਨਾ ਹੀ ਲਏ ਹੋਏ 5 ਲੱਖ 70 ਹਜ਼ਾਰ ਰੁਪਏ ਵਾਪਸ ਕੀਤੇ ਹਨ, ਇਸ ਤਰ੍ਹਾ ਕਰਕੇ ਉਕਤ ਵਿਅਕਤੀਆਂ ਨੇ ਉਸ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਫਿਰੋਜ਼ਪੁਰ ਦੇ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਬਿਆਨਾਂ ਨੂੰ ਕਲਮਬੰਦ ਕਰਦਿਆ ਰਸ਼ਪਾਲ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਐਚ ਬਲਾਕ ਹਾਊਸ ਨੰਬਰ 1192 ਵਿਕਾਸਪੁਰੀ ਨਵੀਂ ਦਿੱਲੀ ਅਤੇ ਰਾਜਨ ਮੁਖੀਜਾ ਪੁੱਤਰ ਰਾਕੇਸ਼ ਮੁਖੀਜਾ ਦਫਤਰ ਯੂਰੇ ਸਟਾਰ ਟੂਰ ਐਂਡ ਟਰੈਵਲਜ਼, 14 ਮੋਹਨ ਸਿੰਘ ਕਨਾਟ ਪੈਲਸ ਨਵੀਂ ਦਿੱਲੀ ਦੇ ਖਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।