ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲਿਕਾ ਅਰੋੜਾ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਟਾਸਕ ਫੋਰਸ ਅਤੇ ਜ਼ਿਲ੍ਹਾ ਟਾਸਕ ਫੋਰਸ ਫੌਰ ਇੰਮੂਨਾਈਜ਼ੇਸ਼ਨ ਕਮੇਟੀ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।
ਐਸ.ਏ.ਐਸ. ਨਗਰ, 22 ਜਨਵਰੀ 2018: ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ 28 ਤੋਂ 30 ਜਨਵਰੀ ਤੱਕ ਚਲਾਈ ਜਾਣ ਵਾਲੀ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਅਤੇ ਜ਼ਿਲ੍ਹਾ ਟਾਸਕ ਫੋਰਸ ਫੌਰ ਇੰਮੂਨਾਈਜ਼ੇਸ਼ਨ ਕਮੇਟੀ ਦੀ ਮੀਟਿੰਗ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲਿਕਾ ਅਰੋੜਾ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਈ। ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੁਹਿੰਮ ਦੀ ਸਫਲਤਾ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਮੁਹਿੰਮ ਸਬੰਧੀ 17 ਟਰਾਂਜ਼ਿਟ ਬੂਥ ਲਾਏ ਜਾ ਰਹੇ ਹਨ ਜਿਨ੍ਹਾਂ ਵਿਚੋਂ 05 ਬੂਥ ਡੇਰਾਬਸੀ ਤੇ ਲਾਲੜੂ, 02 ਬੂਥ ਢਕੌਲੀ, 01 ਬਨੂੜ, 03 ਮੋਹਾਲੀ, 02 ਖਰੜ, 02 ਕੁਰਾਲੀ, 01 ਘੜੂੰਆਂ ਅਤੇ 01 ਬੂਥਗੜ੍ਹ ਵਿਖੇ ਲਾਇਆ ਜਾਣਾ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਇਸ ਮੁਹਿੰਮ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਮਿਊਂਸਪਲ ਕਮੇਟੀਆਂ ਦੇ ਕਾਰਜ ਸਾਧਕ ਅਫਸਰ ਪਲਸ ਪੋਲੀਓ ਮੁਹਿੰਮ ਵਿਚ ਸ਼ਾਮਿਲ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਨਿਰਦੇਸ਼ ਦਿੱਤੇ ਗਏ ਕਿ ਸਾਰੇ ਸਕੂਲਾਂ ਨੂੰ ਇਸ ਮੁਹਿੰਮ ਸਬੰਧੀ ਜਾਣੂ ਕਰਵਾ ਦਿੱਤਾ ਜਾਵੇ ਅਤੇ ਸਕੂਲਾਂ ਵਿਚ ਪਲਸ ਪੋਲੀਓ ਮੁਹਿੰਮ ਸਬੰਧੀ ਜਾਗਰੂਕਤਾ ਰੈਲੀਆਂ ਵੀ ਕਰਵਾਈਆਂ ਜਾਣ। ਸਹਾਇਕ ਕਮਿਸ਼ਨਰ ਨੇ ਇਸ ਮੁਹਿੰਮ ਲਈ ਰੋਟਰੀ ਕਲੱਬ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਪੇਂਡੂ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਹਦਾਇਤਾਂ ਕੀਤੀਆਂ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਪਿੰਡਾਂ ਦੀਆਂ ਪੰਚਾਇਤਾਂ ਇਸ ਮੁਹਿੰਮ ਸਬੰਧੀ ਪ੍ਰਚਾਰ ਕਰਕੇ ਲੋਕਾਂ ਨੂੰ ਮੁਹਿੰਮ ਬਾਰੇ ਜਾਣਕਾਰੀ ਦੇਣ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਖਾਸ ਤੌਰ 'ਤੇ ਇਸ ਮੁਹਿੰਮ ਬਾਰੇ ਜਾਗਰੂਕ ਕੀਤਾ ਜਾਵੇ।
ਡਾ: ਪਾਲਿਕਾ ਅਰੋੜਾ ਨੇ ਦੱਸਿਆ ਕਿ 09 ਨਰਸਿੰਗ ਕਾਲਜਾਂ ਤੋਂ 784 ਵਿਦਿਆਰਥੀ ਇਸ ਮੁਹਿੰਮ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਨੇ ਪ੍ਰਾਈਵੇਟ ਨਰਸਿੰਗ ਹੋਮਜ਼ ਅਤੇ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਆਪਣੀ ਆਪਣੀ ਸੰਸਥਾ ਵਿਚ ਦਾਖਿਲ 0 ਤੋਂ 05 ਸਾਲ ਦੇ ਬੱਚਿਆਂ ਨੂੰ ਬੂੰਦਾਂ ਪਿਲਾਉਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਉਂਦਿਆਂ ਸਮਾਜ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡਿਊਟੀ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੀਟਿੰਗ ਵਿਚ ਐਸ.ਐਮ.ਓ ਡਾ: ਸੁਰਿੰਦਰ ਸਿੰਘ, ਐਸ.ਐਮ.ਓ-ਡਬਲਿਯੂ.ਐਚ.ਓ ਡਾ: ਬਿਕਰਮ ਗੁਪਤਾ, ਐਸ.ਐਮ.ਓ ਸੀ.ਐਚ.ਸੀ ਕੁਰਾਲੀ ਡਾ: ਭੁਪਿੰਦਰ ਸਿੰਘ, ਐਮ.ਓ/ਸੀ.ਐਚ.ਸੀ ਢਕੌਲੀ ਡਾ: ਦਲਬਾਗ ਸਿੰਘ, ਐਸ.ਐਮ.ਓ ਸੀ.ਐਸ.ਸੀ. ਬਨੂੜ ਡਾ: ਹਰਪ੍ਰੀਤ, ਸੀ.ਡੀ.ਪੀ.ਓ ਡੇਰਾਬਸੀ ਸ਼ਰੂਤੀ ਸ਼ਰਮਾ, ਸੀਡੀਪੀਓ ਖਰੜ 01 ਅੰਬਰ ਵਾਲੀਆ, ਸੀ.ਡੀ.ਪੀ.ਓ ਖਰੜ 02 ਅਰਵਿੰਦਰ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ।