ਜੀ ਐਸ ਪੰਨੂ
ਪਟਿਆਲਾ 17 ਜਨਵਰੀ 2018:
ਪੰਜਾਬ ਪ੍ਰਦ੍ਹੂਣ ਕੰਟਰੋਲ ਬੋਰਡ ਦੀਆਂ 100 ਟੀਮਾਂ ਨੇ ਜਿਲ੍ਹਾ ਪ੍ਰ੍ਸ਼ਾਸਨ ਅਤੇ ਮਿਊਂਸਪਲ ਕਮੇਟੀਆਂ ਦੇ ਸਹਿਯੋਗ ਨਾਲ ਚਾਇਨਾ ਡੋਰ ਜ ਬਤ ਕਰਨ ਲਈ ਪੰਜਾਬ ਭਰ ਵਿੱਚ ਪੂਰੇ ਦਿਨ ਛਾਪੇਮਾਰੀ ਕੀਤੀ ਅਤੇ ਵੱਡੀ ਪੱਧਰ ਤੇ ਚਾਇਨਾ ਡੋਰ ਜਬਤ ਕੀਤੀ ਗਈ|
ਪੰਜਾਬ ਵਿੱਚ ਚੀਨ ਦੀ ਬਣੀ ਹੋਈ ਪਤੰਗ ਡੋਰ ਅਤੇ ਮਾਂਜਾ ਡੋਰ ਤੇ ਪਾਬੰਦੀ ਲਗਾਈ ਹੋਈ ਹੈ, ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ ਅਜਿਹੇ ਸਾਰੇ ਧਾਗਿਆਂ ਨੂੰ ਬਣਾਉਣ, ਵੇਚਣ, ਸਾਂਭਣ ਅਤੇ ਪਤੰਗ ਉਡਾਉਣ ਲਈ ਵਰਤੇ ਜਾਣ ਤੇ ਪਾਬੰਦੀ ਲਗਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ|ਵੱਖ ਵੱਖ ਜਿਲ੍ਹਿਆਂ ਵਿੱਚ ਜਿਲ੍ਹਾ ਮੈਜਿਸਟਰੇਟਾਂ ਵੱਲੋਂ ਇਸ ਡੋਰ ਦੇ ਵੇਚਣ/ਵਰਤਣ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ|
ਪੀ.ਪੀ.ਸੀ.ਬੀ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਡੋਰ ਦੇ ਵਾਤਾਵਰਣ ਤੇ ਪੈ ਰਹੇ ਮਾੜੇ ਪ੍ਰਭਾਵਾਂ ਕਾਰਨ ਪੰਜਾਬ ਸਰਕਾਰ ਦੇ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਨੇ ਵਾਤਾਵਰਣ ਸੁਰੱਖਿਆ ਐਕਟ, 1986 ਤਹਿਤ ਨੋਟਿਸ ਜਾਰੀ ਕਰਕੇ ਇਸ ਡੋਰ ਤੇ ਪਾਬੰਦੀ ਲਗਾਉਣ ਲਈ ਕਿਹਾ ਹੈ| ਚਾਇਨਾ ਪਤੰਗ ਡੋਰ ਅਤੇ ਮਾਂਜਾ ਪਤੰਗ ਡੋਰ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਸਮੁੱਚੇ ਪੰਜਾਬ ਵਿੱਚ ਬੋਰਡ ਦੀਆਂ 100 ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ| ਪਟਿਆਲਾ, ਮਲੋਟ, ਬਠਿੰਡਾ, ਬਰਨਾਲਾ, ਰਾਜਪੁਰਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਇਸ ਛਾਪੇਮਾਰੀ ਦੌਰਾਨ ਚਾਇਨਾ ਡੋਰ ਅਤੇ ਮਾਂਜਾ ਡੋਰ ਜਬਤ ਕਰਕੇ ਮੌਕੇ ਤੇ ਚਾਲਾਨ ਕੱਟੇ ਗਏ ਅਤੇ ਜੁਰਮਾਨੇ ਕੀਤੇ ਗਏ| ਬੋਰਡ ਦੀਆਂ ਟੀਮਾਂ ਵੱਲੋਂ ਪਾਇਆ ਗਿਆ ਕਿ ਬਹੁਤੇ ਥਾਵਾਂ ਤੇ ਦੁਕਾਨਦਾਰਾਂ ਨੇ ਚਾਇਨਾ ਅਤੇ ਮਾਂਜਾ ਡੋਰਾਂ ਵੇਚਣੀਆਂ ਬੰਦ ਕਰ ਦਿੱਤੀਆਂ ਹਨ ਪਰ ਫੇਰ ਵੀ ਕਿਤੇ ਕਿਤੇ ਕੁੱਝ ਦੁਕਾਨਦਾਰਾਂ ਵੱਲੋਂ ਇਹਨਾਂ ਦੀ ਵਿਕਰੀ ਲੁਕੇ ਛਿਪੇ ਕੀਤੀ ਜਾ ਰਹੀ ਹੈ|
ਉਹਨਾਂ ਅੱਗੇ ਦੱਸਿਆ ਕਿ ਪਤੰਗਬਾਜੀ ਲਈ ਵਰਤੀ ਜਾਂਦੀ ਇਸ ਚਾਇਨਾ ਡੋਰ ਕਾਰਨ ਮਨੁੱਖਾਂ, ਜਾਨਵਰਾਂ, ਪੰਛੀਆਂ ਦਾ ਵੱਡਾ ਜਾਨੀ ਨੂਕਸਾਨ ਹੋਣ ਦੇ ਨਾਲ ਨਾਲ ਵਾਤਾਵਰਣ ਵੀ ਗੰਧਲਾ ਹੋ ਰਿਹਾ ਹੈ ਜਿਸ ਕਾਰਨ ਸਮੁੱਚੀ ਜੀਵ ਭਿੰਨਤਾ ਪ੍ਰਭਾਵਿਤ ਹੋ ਰਹੀ ਹੈ| ਉਹਨਾਂ ਅਪੀਲ ਕੀਤੀ ਕਿ ਪਤੰਗ ਉਡਾਉਣ ਲਈ ਅਜਿਹੀ ਕਿਸੇ ਵੀ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਬਲਕਿ ਸੂਤੀ ਧਾਗੇ ਦੀ ਬਣੀ ਡੋਰ ਨਾਲ ਹੀ ਪਤੰਗ ਉਡਾਏ ਜਾਣ| ਉਹਨਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਪਾਬੰਦੀਸੁਦਾ ਪਤੰਗ ਡੋਰ ਬਿਲਕੁਲ ਨਾ ਰੱਖੀ/ਵੇਚੀ ਜਾਵੇ ਅਤੇ ਜੇਕਰ ਕੋਈ ਦੁਕਾਨਦਾਰ ਅਜਿਹੀ ਡੋਰ ਸਟਾਕ ਵਿੱਚ ਰੱਖਦਾ ਜਾਂ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|