ਜੀ ਐੱਸ ਪੰਨੂ
ਪਟਿਆਲਾ, 16 ਜਨਵਰੀ 2018 :
ਪੰਜਾਬੀ ਯੂਨੀਵਰਸਿਟੀ ਵਲੋਂ ਵਿਸ਼ਵੀ ਏਕਤਾ ਦੇ ਪਰਿਪੇਖ ਵਿਚ ਪੰਜਾਬੀ ਭਾਸ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਵਿਕਾਸ ਹਿਤ ਲੋੜੀਂਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਵਾਲੇ ਪੰਜਾਬੀ ਵਿਦਵਾਨਾਂ ਨੂੰ ਜੋੜਨ ਦੇ ਉਦੇਸ਼ ਨਾਲ ਪੰਜਾਬੀ ਭਵਨ, ਟੋਰੋਂਟੋ ਨਾਲ ਇਕ ਐਮ.ਓ.ਯੂ. ਸਾਈਨ ਕੀਤਾ ਗਿਆ ਹੈ। ਇਸ ਸਮਝੌਤੇ 'ਤੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ; ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ; ਡਾਇਰੈਕਟਰ, ਇੰਟਰਨੈਸ਼ਨਲ ਸਟੂਡੈਂਟਸ ਡਾ. ਲਖਵਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਅਤੇ ਡਾਇਰੈਕਟਰ-ਕੋਆਰਡੀਨੇਟਰ ਸ਼੍ਰੀ ਵਿਪਨਦੀਪ ਸਿੰਘ ਨੇ ਪੰਜਾਬੀ ਭਵਨ, ਟੋਰਾਂਟੋ ਵਲੋਂ ਦਸਤਖਤ ਕੀਤੇ ਗਏ।
ਸਹਿਮਤੀ ਪੱਤਰ ਅਨੁਸਾਰ ਪੰਜਾਬੀ ਭਵਨ, ਟੋਰਾਂਟੋ ਦੁਆਰਾ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਨੂੰ ਪ੍ਰਾਇਮਰੀ/ ਐਲੀਮੈਂਟਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਦੋ ਸਾਲਾਂ ਲਈ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਾਇਸਪੋਰਾ ਸਟੱਡੀਜ਼ ਨੂੰ 20,000 ਕਨੈਡੀਅਨ ਡਾਲਰਾਂ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ ਹੈ। ਪੰਜਾਬੀ ਭਵਨ, ਟੋਰਾਂਟੋ ਕੈਨੇਡਾ ਵਿੱਚ ਜੰਮੇ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਵੱਖ-ਵੱਖ ਮਾਧਿਅਮ ਵਰਤ ਕੇ ਆਪਣੀ ਜੜ੍ਹਾਂ ਨਾਲ ਜੋੜਨ ਦੇ ਨਾਲ ਨਾਲ ਸੰਬੰਧਿਤ ਸਰੋਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਪ੍ਰਤੀ ਸਮਰਪਿਤ ਹੈ, ਪਰਿਵਾਰਾਂ ਵਿਚ ਜਾਣਕਾਰੀ ਅਤੇ ਮਨੋਰੰਜਨ ਦੇ ਸਰੋਤ ਵਜੋਂ ਕਿਤਾਬਾਂ ਪ੍ਰਤੀ ਉਤਸ਼ਾਹ ਵਧਾਉਣ ਅਤੇ ਪੰਜਾਬੀ ਦੇ ਵਿਕਾਸ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿਚ ਸ਼ਮੂਲੀਅਤ ਲਈ ਉਨ੍ਹਾਂ ਨੂੰ ਪੁਰਸਕਾਰ ਵੀ ਦਿੰਦੀ ਹੈ।
ਇਸ ਮੋਕੇ ਤੇ ਬੋਲਦਿਆਂ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਸਭਿਆਚਾਰਕ ਅਤੇ ਧਾਰਮਿਕ ਮਾਨਤਾ ਦੇ ਸੰਦਰਭ ਵਿੱਚ ਵਿਦਿਅਕ ਗਤੀਵਿਧੀਆਂ ਅਤੇ ਅੰਤਰ-ਰਾਸ਼ਟਰੀ ਸਮਝਬੂਝ ਨੂੰ ਉਤਸ਼ਾਹਿਤ ਕਰਨ ਹਿਤ ਇਕ ਕੋਆਪਰੇਟਿਵ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਇੱਕ ਵਿਸ਼ਾਲ ਮਾਰਗ ਖੁਲਦਾ ਹੈ। ਸ਼੍ਰੀ ਵਿਪਨਦੀਪ ਸਿੰਘ, ਜੋ ਖੁਦ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ, ਨੇ ਭਰੋਸਾ ਦਿਵਾਇਆ ਕਿ ਇਹ ਸਿਰਫ ਇਕ ਲੰਬੇ ਅਤੇ ਸਫ਼ਲ ਸਫ਼ਰ ਦੀ ਸ਼ੁਰੂਆਤ ਹੈ ਕਿਉਂਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿਚ ਉਪਲਬਧ ਵੱਡੇ ਖਜਾਨੇ ਦੀ ਤਸਵੀਰ ਦੇਖੀ ਹੈ, ਜਿਸ ਲਈ ਸਮਾਜ ਦੇ ਹਰੇਕ ਪੱਧਰ ਤੇ ਪੰਜਾਬੀ ਮੂਲ ਦੇ ਕੈਨੇਡੀਅਨਾਂ ਵਿਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਐਮ.ਓ.ਯੂ ਵਿੱਚ ਵਿਦਵਾਨਾਂ ਨੂੰ ਕੌਮਾਂਤਰੀ ਪੱਧਰ ਤੇ ਅਤੇ ਅੰਤਰ-ਸੱਭਿਆਚਾਰਕ ਤੌਰ 'ਤੇ ਦੋਵੇਂ ਸੰਸਥਾਵਾਂ ਵਿੱਚ ਅਕਾਦਮਿਕ ਅਤੇ ਪ੍ਰਸ਼ਾਸਕੀ ਸਾਧਨਾਂ ਦਾ ਪੂਰਾ ਲਾਭ ਲੈਣ ਦੇ ਨਾਲ ਨਾਲ ਜਟਿਲਤਾ, ਵਿਭਿੰਨਤਾ ਅਤੇ ਸੱਭਿਆਚਾਰਕ ਪ੍ਰਸੰਗ ਵਿੱਚ ਆਪਸੀ ਤਾਲਮੇਲ ਨੂੰ ਸਮਝਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਹੈ। ਇਸ ਸਮਝੌਤੇ ਦੇ ਦੂਜੇ ਉਦੇਸ਼ਾਂ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਸੰਬੰਧਿਤ ਵਿਦਿਅਕ ਸਮੱਗਰੀ ਦੀ ਉਤਪਤੀ ਅਤੇ ਉਨ੍ਹਾਂ ਸਿਖਿਆਰਥੀਆਂ ਵਾਸਤੇ, ਜਿਨ੍ਹਾਂ ਲਈ ਪੰਜਾਬੀ ਦੂਜੀ ਭਾਸ਼ਾ ਹੈ, ਸਹਿਕਾਰੀ ਖੋਜ-ਅਧਾਰਿਤ ਅਕਾਦਮਿਕ ਗਤੀਵਿਧੀਆਂ ਦਾ ਆਯੋਜਨ, ਜਿਵੇਂ ਕਾਨਫਰੰਸਾਂ, ਸੈਮੀਨਾਰਾਂ, ਸਿਮਪੋਜ਼ੀਆ ਜਾਂ ਲੈਕਚਰ; ਫੈਕਲਟੀ ਦੇ ਦੌਰੇ ਅਤੇ ਸਹਿਯੋਗ; ਵਿਦਵਾਨਾਂ ਦੇ ਆਦਾਨ-ਪ੍ਰਦਾਨ ਅਤੇ ਅੰਤਰਰਾਸ਼ਟਰੀ ਗਤੀਸ਼ੀਲਤਾ ਸਮਝੌਤੇ ਦੇ ਵਿਕਾਸ; ਪ੍ਰਕਾਸ਼ਨਾਂ ਦਾ ਆਦਾਨ-ਪ੍ਰਦਾਨ ਅਤੇ ਸਾਂਝੇ ਹਿੱਤਾਂ ਦੀ ਹੋਰ ਸਮੱਗਰੀ; ਆਮ ਖੋਜੀ ਹਿਤਾਂ ਦੀ ਖੋਜ; ਸਮਰ ਇੰਟੈਂਸਿਵ ਡਾਇਸਪੋਰਾ ਸਟੱਡੀਜ਼ ਪ੍ਰੋਗਰਾਮ ਤੇ ਸਹਿਯੋਗ ਕਰਨਾ ਅਤੇ ਸੱਭਿਆਚਾਰਕ ਅਧਿਐਨ ਦੇ ਪਾਠਕ੍ਰਮ ਦਾ ਵਿਕਾਸ ਸ਼ਾਮਲ ਹਨ।