ਅਨਾਜ ਮੰਡੀ ਸਰਹਿੰਦ ਰੋਡ ਵਿਖੇ ਲੱਗੀ ਅੱਗ ਦਾ ਦ੍ਰਿਸ਼।
ਜੀ ਐੱਸ ਪੰਨੂ
ਪਟਿਆਲਾ, 15 ਜਨਵਰੀ 2018 :
ਜ਼ਿਲੇ ਦੀ ਸਭ ਤੋਂ ਵੱਡੀ ਨਵੀਂ ਅਨਾਜ ਮੰਡੀ ਸਰਹਿੰਦ ਰੋਡ ਪਟਿਆਲਾ ਵਿਚ ਪਿਛਲੇ ਰਾਤ ਨੂੰ ਆੜਤੀਆਂ ਦੇ ਸਮਾਨ ਨੂੰ ਅੱਗ ਲੱਗ ਗਈ। ਪਤਾ ਕਰਨ 'ਤੇ ਪਤਾ ਲਗਿਆ ਐਤਵਾਰ ਦੀ ਅੱਧੀ ਰਾਤ ਨੂੰ ਮੰਡੀ ਵਿਚ ਅਣਪਛਾਤੇ ਅਨਸਰਾਂ ਨੇ ਰਾਤ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਮੰਡੀ ਵਿਚ ਆੜਤੀਆਂ ਦੀ ਮਸ਼ੀਨਰੀ, ਕਣਕ, ਜੀਰੀ ਸਾਫ ਕਰਨ ਵਾਲੇ ਪੱਖੇ, ਅਲਮਾਰੀਆਂ, ਲੱਕੜ ਦਾ ਫਰਨੀਚਰ ਅਤੇ ਕਰੇਟ ਸੜ ਕੇ ਸਵਾਹ ਹੋ ਗਏ, ਸਿੱਟੇ ਵਜੋਂ ਆੜਤੀਆਂ ਦਾ ਭਾਰੀ ਨੁਕਸਾਨ ਹੋ ਗਿਆ। ਮੰਡੀ ਵਿਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਕਿਸੇ ਨੇ ਰਾਤ ਨੂੰ ਮੰਡੀ ਵਿਚ ਅੱਗ ਲਾ ਦਿੱਤੀ ਸੀ ਜੋ ਕੇ ਮਾਮੂਲੀ ਸੀ । ਸੂਚਨਾ ਮਿਲਣ 'ਤੇ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਥਾਣਾ ਅਨਾਜ ਮੰਡੀ ਦੇ ਐਸ. ਐਚ. ਓ. ਹੈਰੀ ਬੋਪਾਰਾਏ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਦਸਿਆ ਕਿ ਅੱਗ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਵੀ ਹੋ ਸੱਕਦਾ ਹੈ।
ਆੜਤੀ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸ਼ਰਾਰਤੀ ਅਨਸਰ ਕਿਸੇ ਨਿੱਜੀ ਰੰਜਿਸ਼ ਕਾਰਨ ਇਹ ਨੁਕਸਾਨ ਪਹੁੰਚਾ ਰਹੇ ਹਨ। ਲਗਾਤਾਰ ਦੋ ਵਾਰ ਅੱਗ ਲੱਗਣਾ ਸਪਸ਼ਟ ਕਰਦਾ ਹੈ ਕਿ ਇਹ ਕੁੱਝ ਲੋਕ ਆੜਤੀਆਂ ਦਾ ਨੁਕਸਾਨ ਕਰਨਾ ਚਾਹੁੰਦੇ ਹਨ। ਜੇਕਰ ਅੱਗ ਲੱਗਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਇਥੇ ਸਰਕਾਰੀ ਪ੍ਰਾਪਰਟੀ ਨੂੰ ਬਹੁਤ ਨੁਕਸਾਨ ਹੋਵੇਗਾ ਕਿਉਂਕਿ ਮੰਡੀ ਵਿਚ ਸਰਕਾਰ ਨੇ ਕਰੋੜਾਂ ਰੁਪਏ ਦੇ ਸ਼ੈਡ ਬਣਾਏ ਹੋਏ ਹਨ। ਇਸ ਤੋਂ ਇਲਾਵਾ ਜ਼ਿਲਾ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਵੀ ਹਨ। ਜੇਕਰ ਰਾਤ ਨੂੰ ਸਹੀ ਸਮੇਂ 'ਤੇ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।