ਜਗਦੀਸ਼ ਥਿੰਦ
ਫਾਜ਼ਿਲਕਾ 12 ਜਨਵਰੀ 2018 :
ਯੂਵਕ ਸੇਵਾਵਾਂ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਥੋਂ ਦੀ ਸਰਕਾਰੀ ਆਈ.ਟੀ.ਆਈ. ਵਿਖੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਸਹਾਇਕ ਲੋਕ ਸੰਪਰਕ ਅਫਸਰ ਸ੍ਰੀ ਗੁਰਦਾਸ ਸਿੰਘ ਨੇ ਸਵਾਮੀ ਵਿਵੇਕਾਨੰਦ ਨੂੰ ਯਾਦ ਕਰਦਿਆਂ ਕਿਹਾ ਕਿ ਸਵਾਮੀ ਵਿਵੇਕਾਨੰਦ ਇਕ ਸੰਤ ਹੀ ਨਹੀਂ ਸਨ ਸਗੋਂ ਇਕ ਮਹਾਨ ਦੇਸ਼-ਭਗਤ, ਉੱਚ ਵਿਚਾਰਾਂ ਵਾਲੇ ਮਹਾਨ ਲੇਖਕ ਅਤੇ ਮਾਨਵ ਪ੍ਰੇਮੀ ਸਨ। ਉਨ੍ਹਾਂ ਆਪਣੀ ਪੂਰੀ ਜ਼ਿੰਦਗੀ ਨੌਜਵਾਨਾਂ ਨੂੰ ਸਹੀ ਰਸਤੇ ਪਾਉਣ ਵਿੱਚ ਹੀ ਲੇਖੇ ਲਾਈ ਹੈ।
ਸਵਾਮੀ ਵਿਵੇਕਾਨੰਦ ਦੇ ਬਹੁਤ ਹੀ ਅਣਮੁੱਲੇ ਵਿਚਾਰਾਂ ਨੂੰ ਯਾਦ ਕਰਦਿਆਂ ਸਹਾਇਕ ਲੋਕ ਸੰਪਰਕ ਅਫਸਰ ਨੇ ਕਿਹਾ ਕਿ ਸਵਾਮੀ ਜੀ ਹਮੇਸ਼ਾ ਕਹਿੰਦੇ ਸਨ ਕਿ ਉਠੋ, ਜਾਗੋ ਤੇ ਹੋਰਾਂ ਨੂੰ ਵੀ ਜਗਾਓ। ਉਨ੍ਹਾਂ ਕਿਹਾ ਕਿ ਸਵਾਮੀ ਜੀ ਹਮੇਸ਼ਾ ਨੌਜਵਾਨ ਪੀੜੀ ਨੂੰ ਮੁਸ਼ਕਲਾਂ ਦਾ ਟਾਕਰਾ ਤਕੜੇ ਹੋ ਕੇ ਕਰਨ ਲਈ ਪ੍ਰੇਰਿਤ ਕਰਦੇ ਸਨ। ਸਵਾਮੀ ਜੀ ਕਹਿੰਦੇ ਸਨ ਕਿ ਜ਼ਿੰਦਗੀ ਵਿੱਚ ਕਦੇ ਵੀ ਸਮੱਸਿਆ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਇਨ੍ਹਾਂ ਦਾ ਡੱਟ ਦੇ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਦੀਆਂ ਸਿਖਿਆਵਾਂ ਸਬੰਧੀ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਖਤ ਮਿਹਨਤ ਤੇ ਦ੍ਰਿੜ੍ਹ ਨਿਸ਼ਚੈ ਨਾਲ ਅਨੁਸ਼ਾਸਨ 'ਚ ਰਹਿੰਦਿਆਂ ਹੋਇਆਂ ਜ਼ਿੰਦਗੀ ਦੇ ਹਰ ਟੀਚੇ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸਵਾਮੀ ਦੀ ਸਿਖਿਆਵਾਂ 'ਤੇ ਚੱਲਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀਆਂ ਆਈ.ਟੀ.ਆਈ. ਨਾਲ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਇਸ ਸਮਾਗਮ ਦੌਰਾਨ ਸਿਖਿਆਰਥੀਆਂ ਦੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸਿਖਿਆਰਥੀਆਂ ਵੱਲੋਂ ਦੇਸ਼-ਭਗਤੀ ਨਾਲ ਸਬੰਧਤ ਗੀਤ, ਕੋਰੋਗ੍ਰਾਫੀਆਂ , ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤਾ ਗਿਆ। ਮੁਕਾਬਲਿਆਂ ਦੌਰਾਨ ਜੇਤੂ ਰਹੇ ਸਿਖਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਯੂਵਕ ਸੇਵਾਵਾਂ ਵਿਭਾਗ ਦੇ ਜ਼ਿਲ੍ਹਾ ਇੰਚਾਰਜ ਐਨ.ਐਸ.ਐਸ. ਸ੍ਰੀ ਅੰਕਿਤ ਕੁਮਾਰ, ਆਈ.ਟੀ.ਆਈ. ਦੇ ਸੀਨੀਅਰ ਇੰਸਟਰਕਟਰ ਸ. ਅੰਗਰੇਜ਼ ਸਿੰਘ, ਐਨ.ਸੀ.ਸੀ. ਦੇ ਇੰਚਾਰਜ ਕੈਪਟਨ ਕੁਲਵੰਤ ਸਿੰਘ, ਮੈਡਮ ਸੁਦੇਸ਼ ਕੁਮਾਰੀ, ਸ੍ਰੀ ਮਦਨ ਲਾਲ, ਸ੍ਰੀ ਅੰਮ੍ਰਿਤਪਾਲ ਸਿੰਘ, ਸ੍ਰੀ ਜਸਵਿੰਦਰ ਸਿੰਘ ਵਰਮਾ ਆਦਿ ਆਈ.ਟੀ.ਆਈ. ਸਟਾਫ ਤੋਂ ਇਲਾਵਾ ਵੱਖ-ਵੱਖ ਟ੍ਰੇਡਾਂ ਦੇ ਸਿਖਿਆਰਥੀ ਮੌਜੂਦ ਸਨ।
ਇਸ ਮੌਕੇ ਯੂਵਕ ਸੇਵਾਵਾਂ ਵਿਭਾਗ ਦੇ ਜ਼ਿਲ੍ਹਾ ਇੰਚਾਰਜ ਐਨ.ਐਸ.ਐਸ. ਸ੍ਰੀ ਅੰਕਿਤ ਕੁਮਾਰ, ਆਈ.ਟੀ.ਆਈ. ਦੇ ਸੀਨੀਅਰ ਇੰਸਟਰਕਟਰ ਸ. ਅੰਗਰੇਜ਼ ਸਿੰਘ, ਐਨ.ਐਸ.ਐਸ. ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ. ਗੁਰਜੰਟ ਸਿੰਘ, ਸ. ਜਸਵਿੰਦਰ ਸਿੰਘ, ਐਨ.ਸੀ.ਸੀ. ਦੇ ਇੰਚਾਰਜ ਕੈਪਟਨ ਕੁਲਵੰਤ ਸਿੰਘ, ਮੈਡਮ ਸੁਦੇਸ਼ ਕੁਮਾਰੀ, ਸ੍ਰੀ ਮਦਨ ਲਾਲ, ਸ੍ਰੀ ਅੰਮ੍ਰਿਤਪਾਲ ਸਿੰਘ, ਸ੍ਰੀ ਜਸਵਿੰਦਰ ਸਿੰਘ ਵਰਮਾ ਆਦਿ ਆਈ.ਟੀ.ਆਈ. ਸਟਾਫ ਤੋਂ ਇਲਾਵਾ ਵੱਖ-ਵੱਖ ਟ੍ਰੇਡਾਂ ਦੇ ਸਿਖਿਆਰਥੀ ਮੌਜੂਦ ਸਨ।