ਪਿੰਡ ਲੰਗੜੋਆ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 101 ਧੀਆਂ ਦੀ ਲੋਹੜੀ ਮਨਾਉਣ ਲਈ ਕੀਤੇ ਗਏ ਜ਼ਿਲ੍ਹਾ ਪੱਧਰੀ ਸਮਾਗਮ ਦਾ ਦ੍ਰਿਸ।
ਸ਼ਹੀਦ ਭਗਤ ਸਿੰਘ ਨਗਰ 12 ਜਨਵਰੀ 2018: ''ਮੌਕੇ ਸਿਰਫ਼ ਮੁੰਡਿਆਂ ਲਈ ਹੀ ਨਹੀਂ ਹੁੰਦੇ ਬਲਕਿ ਧੀਆਂ ਨੂੰ ਵੀ ਦਿੱਤੇ ਜਾਣ ਤਾਂ ਜੋ ਉਹ ਵੀ ਆਪਣਾ ਬਰਾਬਰਤਾ ਦਾ ਹੱਕ ਪਾ ਕੇ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਣ।'' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਅੱਜ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਲੰਗੜੋਆ ਦੇ ਕਮਿਊਨਿਟੀ ਸੈਂਟਰ ਵਿਖੇ ਕੀਤੇ ਗਏ 101 ਨਵਜਨਮੀਆਂ ਧੀਆਂ ਦੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ।
ਉਨ੍ਹਾਂ ਆਖਿਆ ਕਿ ਕੁੜੀਆਂ ਜਾਂ ਮਾਵਾਂ ਜਦੋਂ ਤੱਕ ਚੁੱਪ ਰਹਿਣਗੀਆਂ ਉਦੋਂ ਤੱਕ ਸੋਸ਼ਣ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ, ਇਸ ਲਈ ਉਨ੍ਹਾਂ ਨੂੰ ਆਪਣੇ ਨਾਲ ਹੁੰਦੇ ਕਿਸੇ ਵੀ ਕਿਸਮ ਦੇ ਧੱਕੇ, ਅਨਿਆ ਖਿਲਾਫ਼ ਬੋਲਣਾ ਪਵੇਗਾ ਤਾਂ ਹੀ ਉਹ ਬਰਾਬਰੀ ਦਾ ਦਰਜਾ ਮਾਣ ਸਕਣਗੀਆਂ। ਉਨ੍ਹਾਂ ਆਖਿਆ ਕਿ ਜਿਵੇਂ ਪ੍ਰਕਿਰਤੀ ਨਾਲ ਛੇੜ-ਛਾੜ ਹੋਣ ਕਾਰਨ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸੇ ਤਰ੍ਹਾਂ ਔਰਤਾਂ ਨਾਲ ਭੇਦ ਭਾਵ ਕਾਰਨ ਸਮਾਜਿਕ ਅਸੰਤੁਲਨ ਬਣ ਰਿਹਾ ਹੈ, ਜਿਸ ਨੂੰ ਸਮਤੋਲ ਕਰਨ ਲਈ ਔਰਤਾਂ ਨੂੰ ਹੀ ਅਵਾਜ਼ ਉਠਾਉਣੀ ਪਵੇਗੀ।
ਡਿਪਟੀ ਕਮਿਸ਼ਨਰ ਨੇ ਦੇਸ਼ ਦੀਆਂ ਲੜਕੀਆਂ ਵੱਲੋਂ ਉਲੰਪਿਕ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਮੌਕੇ ਲਿਖੀ ਆਪਣੀ ਇੱਕ ਕਵਿਤਾ ਨੂੰ ਅੱਜ ਵੀ ਦੇਸ਼ ਵਿੱਚ ਔਰਤਾਂ ਦੀ ਉਪਲਬਧੀਆਂ 'ਤੇ ਸਾਰਥਿਕ ਦੱਸਦਿਆਂ ਆਖਿਆ,
''ਇਤਨੀ ਮੇਹਨਤ ਸੇ ਮੁਕਾਮ ਪਾਇਆ ਹੈ ਬੇਟੀਓਂ ਨੇ,
ਹਮਾਰੇ ਦੇਸ਼ ਕਾ ਸਰ ਊਂਚਾ ਉਠਾਇਆ ਹੈ ਬੇਟੀਓਂ ਨੇ,
ਕਲ ਤਕ ਜੋ ਕਹਤੇ ਥੇ ਬੇਟੀਆਂ ਬੋਝ ਹੋਤੀ ਹੈਂ,
ਸਰੇਆਮ ਉਨ ਕੋ ਸਚ ਕਾ ਆਈਨਾ ਦਿਖਾਇਆ ਹੈ ਬੇਟੀਓਂ ਨੇ।''
ਉਨ੍ਹਾਂ ਆਖਿਆ ਕਿ ਧੀਆਂ ਨੂੰ ਦਹੇਜ ਦੇਣ ਦੀ ਥਾਂ 'ਤੇ ਉੱਚ ਸਿੱਖਿਆ ਨਾਲ ਮਾਲਾਮਾਲ ਕਰੋ ਤਾਂ ਜੋ ਉਹ ਆਪਣਾ ਭਵਿੱਖ ਆਪ ਉਲੀਕੇ ਅਤੇ ਕਿਸੇ 'ਤੇ ਨਿਰਭਰ ਨਾ ਰਹੇ। ਉਨ੍ਹਾਂ ਆਪਣੇ ਨਿੱਜੀ ਜੀਵਨ ਦੀ ਮਿਸਾਲ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਪਤਨੀ ਦੇ ਪਰਿਵਾਰ ਵਿੱਚ ਪੰਜ ਭੈਣਾਂ ਹੀ ਹਨ ਪਰੰਤੂ ਪਰਿਵਾਰ ਨੇ ਧੀਆਂ ਦੀ ਸਿਖਿਆ ਨੂੰ ਮਹੱਤਤਾ ਦਿੱਤੀ ਅਤੇ ਅੱਜ ਇੱਕ ਭੈਣ ਆਈ.ਏ.ਐਸ. ਹੋਣ ਤੋਂ ਇਲਾਵਾ ਇੱਕ ਇੰਜੀਨੀਅਰ, ਇੱਕ ਡਾਕਟਰ ਅਤੇ ਦੋ ਅਧਿਆਪਕਾਵਾਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਆਲੇ ਦੁਆਲੇ ਅਜਿਹੇ ਪ੍ਰੇਰਨਾਤਮਕ ਪਰਿਵਾਰ ਬਹੁਤ ਹੁੰਦੇ ਹਨ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੀਆਂ ਧੀਆਂ ਨੂੰ ਪੜ੍ਹਨ-ਲਿਖਣ ਤੇ ਆਪਣੀ ਮੰਜਿਲ ਆਪਣ ਚੁਣਨ ਦੇ ਹੱਕ ਦੇ ਸਕਦੇ ਹਾਂ।
ਉਨ੍ਹਾਂ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਸੀ.ਡੀ.ਪੀ.ਓਜ਼ ਅਮ੍ਰਿਤਾ ਸਿੰਘ ਨਵਾਂਸ਼ਹਿਰ, ਨਰੇਸ਼ ਕੌਰ ਬਲਾਚੌਰ, ਜਗਰੂਪ ਸਿੰਘ ਸੜੋਆ ਅਤੇ ਸਵਿਤਾ ਕੁਮਾਰੀ ਔੜ ਵੱਲੋਂ ਧੀਆਂ ਦੀ ਲੋਹੜੀ ਪਾਉਣ ਦੇ ਇਸ ਨਿਵੇਕਲੇ ਉਦਮ ਨੂੰ ਸਰਾਹੁੰਦਿਆਂ ਆਖਿਆ ਕਿ ਅਜਿਹੇ ਸਮਾਗਮ ਹੋਰਨਾਂ ਲੋਕਾਂ ਲਈ ਪ੍ਰੇਰਨਾ ਦਾ ਸੋਮਾ ਬਣਦੇ ਹਨ।
ਇਸ ਮੌਕੇ 101 ਨਵਜਨਮੀਆਂ ਧੀਆਂ ਨੂੰ ਰੇਵੜੀਆਂ, ਮੂੰਗਫਲੀਆਂ, ਬੇਬੀ ਸੂਟ ਦੇ ਨਾਲ ਦਿੱਤੇ ਬੱਚੀਆਂ ਦੇ ਪੈਰਾਂ ਦੇ ਨਿਸ਼ਾਨ ਵਾਲੇ ਵਧਾਈ ਕਾਰਡਾਂ ਨੂੰ ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਲਈ ਜ਼ਿੰਦਗੀ ਭਰ ਦੀ ਯਾਦ ਕਰਾਰ ਦਿੱਤਾ।
ਇਸ ਮੌਕੇ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਝੱਲੀ, ਸੀ.ਡੀ.ਪੀ.ਓ. ਸਵਿਤਾ ਕੁਮਾਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਹਰਮੇਸ਼ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਨੇ ਵੀ ਆਪਣੇ ਵਿਚਾਰ ਰੱਖੇ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀਆਂ ਵਿਦਿਆਰਥਣਾਂ ਵੱਲੋਂ ਸਵਾਗਤੀ ਗੀਤ ਅਤੇ ਗਿੱਧੇ ਰਾਹੀਂ ਲੋਹੜੀ ਦਾ ਰੰਗ ਬੰਨ੍ਹਿਆ ਗਿਆ। ਗਾਇਕ ਮਹੇਸ਼ ਸਾਜਨ ਵੱਲੋਂ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਧੀਆਂ ਦੀ ਲੋਹੜੀ' ਗੀਤ ਦੀ ਪੇਸ਼ਕਾਰੀ ਕੀਤੀ ਗਈ। ਬਾਅਦ ਵਿੱਚ ਇਨ੍ਹਾਂ ਧੀਆਂ ਦੇ ਆਗਮਨ ਦੀ ਖੁਸ਼ੀ ਵਿੱਚ ਡਿਪਟੀ ਕਮਿਸ਼ਨਰ ਅਮਿਤ ਕੁਮਾਰ, ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ, ਹੋਰਨਾਂ ਅਧਿਕਾਰੀਆਂ ਤੇ ਪਿੰਡ ਦੇ ਪਤਵੰਤਿਆਂ ਵੱਲੋਂ ਲੋਹੜੀ ਦੀ ਧੂਣੀ ਵੀ ਬਾਲੀ ਗਈ।