ਸਹੀਦ ਭਗਤ ਸਿੰਘ ਨਗਰ 11 ਜਨਵਰੀ 2018: ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਵੱਖ-ਵੱਖ ਧਰਮਾਂ ਦੇ ਪਵਿੱਤਰ ਗ੍ਰੰਥਾਂ (ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਗਵਦ ਗੀਤਾ ਅਤੇ ਕੁਰਾਨ ਸ਼ਰੀਫ਼) ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੰਜ ਥਾਂਈਂ ਦੌਰਾ ਕਰਕੇ, ਜਾਇਜ਼ਾ ਲਿਆ ਗਿਆ ਤੇ ਬਿਆਨ ਕਲਮਬੱਧ ਕੀਤੇ ਗਏ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਰਣਜੀਤ ਸਿੰਘ 'ਤੇ ਅਧਾਰਿਤ ਇਸ ਪੜਤਾਲੀਆ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਗੜ੍ਹੀ ਕਾਨੂੰਨਗੋਆਂ, ਝੰਡੇਰ ਕਲਾਂ, ਖੋਥੜਾਂ, ਤਲਵੰਡੀ ਜੱਟਾਂ ਅਤੇ ਸੜੋਆ ਵਿਖੇ ਉਨ੍ਹਾਂ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ ਗਿਆ ਜਿੱਥੇ ਪਿਛਲੇ ਸਮੇਂ ਵਿੱਚ ਪਵਿੱਤਰ ਗ੍ਰੰਥਾਂ ਨਾਲ ਸਬੰਧਤ ਇਹ ਘਟਨਾਵਾਂ ਵਾਪਰੀਆਂ ਸਨ।
ਉਨ੍ਹਾਂ ਨੇ ਇਨ੍ਹਾਂ ਪਿੰਡਾਂ ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਰੱਖਣ ਵਾਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਪਾਸੋਂ ਜਿੱਥੇ ਘਟਨਾਵਾਂ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ ਉੱਥੇ ਉਨ੍ਹਾਂ ਦੇ ਬਿਆਨ ਵੀ ਕਲਮਬੱਧ ਕੀਤੇ। ਉਨ੍ਹਾਂ ਸੜੋਆ ਵਿਖੇ ਵਾਪਰੀ ਘਟਨਾ ਸਬੰਧੀ ਹੋਰ ਜਾਣਕਾਰੀ ਦੇਣ ਵਾਲੇ ਪਿੰਡ ਦੇ ਲੋਕਾਂ ਨੂੰ 18 ਜਨਵਰੀ ਨੂੰ ਆਪਣੇ ਦਫ਼ਤਰ ਆਉਣ ਲਈ ਕਿਹਾ। ਇਸ ਮੌਕੇ ਐਸ.ਪੀ. (ਡੀ) ਮਨਵਿੰਦਰ ਸਿੰਘ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਜਸਟਿਸ ਰਣਜੀਤ ਸਿੰਘ ਇੰਨਕੁਆਇਰੀ ਕਮਿਸ਼ਨ: ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਸੜੋਆ ਵਿਖੇ ਪਿਛਲੇ ਸਮੇਂ ਵਿੱਚ ਵਾਪਰੀ ਬੇਅਦਬੀ ਘਟਨਾ ਸਬੰਧੀ ਪਿੰਡ ਵਾਸੀਆਂ ਦੇ ਬਿਆਨ ਸੁਣਦੇ ਹੋਏ।