ਪੰਜਾਬ ਸਰਕਾਰ ਤੋਂ ਪਟਿਆਲਾ ਪੋਚੀ ਟੀਮ ਦੌਰਾ ਕਰਦੀ ਹੋਈ।
ਜੀ ਐਸ ਪੰਨੂ
ਪਟਿਆਲਾ, 10 ਜਨਵਰੀ 2018 :
ਪੰਜਾਬ ਵਿੱਚ ਲਾਏ ਜਾਂਦੇ ਵਿਰਾਸਤੀ ਅਤੇ ਕਰਾਫ਼ਟ ਮੇਲਿਆਂ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਦੇ ਸੱਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ,ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਸੱਭਿਆਚਾਰਕ ਮਾਮਲੇ ਵਿਭਾਗ ਦੀ ਵਧੀਕ ਡਾਇਰੈਕਟਰ ਸ੍ਰੀਮਤੀ ਪ੍ਰਤਿਮਾ ਸ੍ਰੀਵਾਸਤਵਾ ਅਤੇ ਹੋਰ ਅਧਿਕਾਰੀਆਂ ਨਾਲ ਸ਼ੀਸ਼ ਮਹਿਲ, ਐਨ.ਆਈ.ਐਸ., ਕਿਲਾ ਮੁਬਾਰਕ ਅਤੇ ਯਾਦਵਿੰਦਰਾ ਪਬਲਿਕ ਸਕੂਲ ਦੇ ਖੇਡ ਸਟੇਡੀਅਮ ਦਾ ਦੌਰਾ ਕਰਨ ਪੁੱਜੇ ਹੋਏ ਸਨ। ਦੌਰੇ ਦੌਰਾਨ
ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸ. ਢਿੱਲੋਂ ਨੇ ਆਖਿਆ ਕਿ ਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਵਿਰਾਸਤੀ ਮੇਲੇ ਲੱਗਦੇ ਰਹੇ ਹਨ ਅਤੇ ਹੁਣ ਇਨਾਂ ਮੇਲਿਆਂ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਅਹਿਮ ਉਪਰਾਲੇ ਕਰ ਰਹੀ ਹੈ। ਉਨਾਂ ਦੱਸਿਆ ਕਿ ਇਸੇ ਲਈ ਪਟਿਆਲਾ ਵਿਖੇ 18 ਤੋਂ 24 ਫਰਵਰੀ ਤੱਕ ਵਿਰਾਸਤੀ ਮੇਲਾ ਅਤੇ 21 ਫਰਵਰੀ ਤੋਂ 5 ਮਾਰਚ ਤੱਕ ਕਰਾਫ਼ਟ ਮੇਲਾ ਲਗਾਇਆ ਜਾ ਰਿਹਾ ਹੈ। ਉਨਾਂ ਨੇ ਅਧਿਕਾਰੀਆਂ ਨੂੰ ਸ਼ੀਸ਼ ਮਹਿਲ 'ਚ ਕਰਾਫ਼ਟ ਮੇਲੇ ਦੌਰਾਨ ਲੱਗਣ ਵਾਲੀਆਂ ਸਟਾਲਾਂ ਅਤੇ ਮੰਚ ਆਦਿ ਲਈ ਢੁਕਵੀਂ ਥਾਂ ਦੀ ਸਾਫ਼ ਸਫ਼ਾਈ ਕਰਨ ਅਤੇ ਸ਼ੀਸ਼ ਮਹਿਲ 'ਚ ਜਿਥੇ ਕਿਤੇ ਮੁਰੰਮਤ ਦੀ ਲੋੜ ਹੈ, ਤੁਰੰਤ ਕਰਵਾਉਣ ਸਮੇਤ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਕਲਾਕਾਰਾਂ ਲਈ ਖਾਣੇ ਤੇ ਰਿਹਾਇਸ਼ ਦੇ ਢੁਕਵੇਂ ਪ੍ਰਬੰਧ ਕਰਨ ਲਈ ਵੀ ਆਖਿਆ ਤਾਂ ਕਿ ਇਨਾ ਦੋਵਾਂ ਮੇਲਿਆਂ ਨੂੰ ਬਿਹਤਰ ਢੰਗ ਨਾਲ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਨਾਂ ਦੋਵੇਂ ਵੱਡੇ ਮੇਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲਾ ਪ੍ਰਸ਼ਾਸਨ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਕਰੇਗਾ। ਉਨਾਂਦੱਸਿਆ ਕਿ 18 ਤੋਂ 24 ਫਰਵਰੀ ਤੱਕ ਹੋਣ ਵਾਲੇ ਵਿਰਾਸਤੀ ਮੇਲੇ 'ਚ ਕਿਲਾ ਮੁਬਾਰਕ, ਐਨ.ਆਈ.ਐਸ. ਅਤੇ ਵਾਈ.ਪੀ.ਐਸ. ਸਟੇਡੀਅਮ ਵਿਖੇ ਦੇਸ਼ ਦੇ ਉਚ ਕੋਟੀ ਦੇ ਫ਼ਨਕਾਰ ਅਤੇ ਕਲਾਕਾਰ ਅਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ ਅਤੇ ਵਿਰਾਸਤੀ ਸੱਭਿਆਚਾਰ ਨੂੰ ਦਰਸਾਉਣਗੇ। ਜਦੋਂ ਕਿ ਸ਼ੀਸ਼ ਮਹਿਲ ਵਿਖੇ 21 ਫਰਵਰੀ ਤੋਂ 5 ਮਾਰਚ ਤੱਕ ਦੇ ਕਰਾਫ਼ਟ ਮੇਲੇ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਉੱਚ ਕੋਟੀ ਦੇ ਦਸਤਕਾਰ ਅਤੇ ਸ਼ਿਲਪੀ ਕਾਰੀਗਰਾਂ ਸਮੇਤ ਕਲਾਕਾਰ ਵੀ ਸ਼ਮੂਲੀਅਤ ਕਰਨਗੇ। ਉਨਾਂ ਕਿਹਾ ਕਿ ਇਨਾਂ ਮੇਲਿਆਂ 'ਚ ਪੁੱਜਣ ਵਾਲੇ ਦਰਸ਼ਕਾਂ ਦੇ ਮੰਨੋਰੰਜਨ ਲਈ ਦਿਲਲੁਭਾਊ ਰੰਗਾ ਰੰਗ ਪ੍ਰੋਗਰਾਮ ਸਮੇਤ ਖਰੀਦੋ ਫ਼ਰੋਖ਼ਤ ਲਈ ਉਚ ਪਾਏ ਦਾ ਹੱਥੀਂ ਬਣੇ ਸਾਜੋ-ਸਮਾਨ ਸਮੇਤ ਖਾਣ ਪੀਣ ਦਾ ਸਮਾਨ ਵੀ ਉਪਲਬਧ ਹੋਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ੌਕਤ ਅਹਿਮਦ ਪਰੇ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ, ਕਮਿਸ਼ਨਰ ਨਗਰ ਨਿਗਮ ਸ. ਗੁਰਪ੍ਰੀਤ ਸਿੰਘ ਖਹਿਰਾ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਪੰਜਾਬ ਟੂਰਿਜਮ ਪ੍ਰਮੋਸ਼ਨ ਬੋਰਡ ਦੇ ਸੀ.ਜੀ.ਐਮ. ਸ੍ਰੀ ਯੋਗੇਸ਼ ਗੁਪਤਾ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸ੍ਰੀ ਅੰਕੁਰ ਮਹਿੰਦਰੂ, ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਤੋਂ ਭੁਪਿੰਦਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਸਵਰਨ ਸਿੰਘ ਮਾਨ, ਐਸ.ਡੀ.ਓ. ਲੋਕ ਨਿਰਮਾਣ (ਬਿਜਲੀ) ਐਸ.ਐਸ. ਵਿਰਕ, ਇੰਚਾਰਜ ਸ਼ੀਸ਼ ਮਹਿਲ ਸ੍ਰੀਮਤੀ ਸੁਰਿੰਦਰ ਕੌਰ, ਤਹਿਸੀਲਦਾਰ ਸੁਭਾਸ਼ ਭਾਰਦਵਾਜ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।