ਮੋਨੀਟਰਿੰਗ ਸੈੱਲ: ਡਿਪਟੀ ਕਮਿਸ਼ਨਰ ਅਮਿਤ ਕੁਮਾਰ ਮੋਨੀਟਰਿੰਗ ਸੈੱਲ ਦੀ ਮੀਟਿੰਗ ਦੌਰਾਨ ਪੈਂਡਿੰਗ ਰੈਫ਼ਰੈਂਸ, ਅਰਧ ਸਰਕਾਰੀ ਪੱਤਰਾਂ, ਉੱਚ ਅਦਾਲਤ ਅਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਹੋਰ ਕਮਿਸ਼ਨਾਂ ਕੋਲ ਚੱਲ ਰਹੇ ਮਾਮਲਿਆਂ ਦਾ ਜਾਇਜ਼ਾ ਲੈਂਦੇ ਹੋਏ।
ਸਹੀਦ ਭਗਤ ਸਿੰਘ ਨਗਰ 09 ਜਨਵਰੀ 2018: ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਅੱਜ ਮੋਨੀਟਰਿੰਗ ਸੈੱਲ ਦੀ ਮੀਟਿੰਗ ਦੌਰਾਨ ਨਵੀਂ ਪਹਿਲ ਕਦਮੀ ਕਰਦਿਆਂ, ਲੰਬੇ ਸਮੇਂ ਤੋਂ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਘੁੰਮ ਰਹੇ ਸ਼ਿਕਾਇਤ ਕਰਤਾਵਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਆਹਮੋ-ਸਾਹਮਣੇ ਕੀਤਾ ਗਿਆ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਨੂੰ ਲਮਕਾਉਣ ਦੇ ਰਵੱਈਏ ਨੂੰ ਤਬਦੀਲ ਕਰਨ ਲਈ ਆਖਦਿਆਂ ਹਦਾਇਤ ਕੀਤੀ ਕਿ ਅੱਜ ਮੋਨੀਟਰਿੰਗ ਸੈੱਲ ਦੀ ਮੀਟਿੰਗ ਵਿੱਚ ਆਏ ਸ਼ਿਕਾਇਤ ਕਰਤਾਵਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ 23 ਜਨਵਰੀ ਦੀ ਅਗਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਸ਼ਿਕਾਇਤ ਕਰਤਾਵਾਂ ਨੂੰ ਵੀ, ਸ਼ਿਕਾਇਤ ਦਾ ਨਿਪਟਾਰਾ ਨਾ ਹੋਣ 'ਤੇ 23 ਜਨਵਰੀ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਸੂਚਿਤ ਕਰਨ ਲਈ ਆਖਿਆ।
ਡਿਪਟੀ ਕਮਿਸ਼ਨਰ ਜੋ ਕਿ ਲੰਬਿਤ ਸ਼ਿਕਾਇਤ ਨਾਲ ਸਬੰਧਤ ਮੋਨੀਟਰਿੰਗ ਸੈੱਲ ਦੀ ਆਪਣੀ ਇਸ ਯੋਜਨਾਬੰਦੀ ਨੂੰ ਆਪਣੇ ਜੁਆਇਨਿੰਗ ਦੇ ਸਮੇਂ ਤੋਂ ਹੀ ਤਿਆਰ ਕਰ ਰਹੇ ਸਨ, ਨੇ ਅੱਜ ਅਧਿਕਾਰੀਆਂ ਨੂੰ ਸਪੱਸ਼ਟ ਸੰਕੇਤ ਦਿੱਤ ਕਿ ਜਨਤਕ ਮੁਸ਼ਕਿਲਾਂ ਦਾ ਨਿਪਟਾਰਾ ਪਹਿਲ ਦੇ ਅਧਾਰ 'ਤੇ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਜਦੋਂ ਕਿਸੇ ਵੀ ਦਫ਼ਤਰ ਵੱਲੋਂ ਸ਼ਿਕਾਇਤ ਦਾ ਸਮੇਂ ਸਿਰ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਜਿੱਥੇ ਸ਼ਿਕਾਇਤ ਕਰਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ ਉੱਥੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਛੋਟੇ ਪੱਧਰ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਆਪਣਾ ਸਮਾਂ ਖਰਚ ਕਰਨਾ ਪੈਂਦਾ ਹੈ ਜਿਸ ਨਾਲ ਹੋਰ ਅਹਿਮ ਮਾਮਲੇ ਪਿੱਛੇ ਪੈ ਜਾਂਦੇ ਹਨ। ਉਨ੍ਹਾਂ ਆਖਿਆ ਕਿ ਜੇਕਰ ਪਹਿਲੇ ਪੜਾਅ 'ਤੇ ਹੀ ਸਬੰਧਤ ਅਧਿਕਾਰੀ ਸ਼ਿਕਾਇਤ ਕਰਤਾ ਦਾ ਮਾਮਲਾ ਨਿਪਟਾ ਦੇਣ ਜਾਂ ਕੋਈ ਮੁਸ਼ਕਿਲ ਆਉਣ 'ਤੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦੇਣ ਤਾਂ ਇਸ ਨਾਲ ਜਿੱਥੇ ਸ਼ਿਕਾਇਤ ਸਮੇਂ ਸਿਰ ਹੱਲ ਹੋ ਜਾਵੇਗੀ ਉੱਥੇ ਸ਼ਿਕਾਇਤ ਕਰਤਾ ਨੂੰ ਵੀ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਜਾਣ ਤੋਂ ਰਾਹਤ ਮਿਲੇਗੀ।
ਡਿਪਟੀ ਕਮਿਸ਼ਨਰ ਵੱਲੋਂ ਇਸ ਦੇ ਨਾਲ ਹੀ ਪੈਂਡਿੰਗ ਰੈਫ਼ਰੈਂਸ, ਅਰਧ ਸਰਕਾਰੀ ਪੱਤਰਾਂ, ਉੱਚ ਅਦਾਲਤ ਅਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਹੋਰ ਕਮਿਸ਼ਨਾਂ ਕੋਲ ਚੱਲ ਰਹੇ ਮਾਮਲਿਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਧਿਰ ਬਣਾਇਆ ਹੁੰਦਾ ਹੈ, ਸਬੰਧੀ ਵਿਭਾਗ ਵਾਰ ਜਾਇਜ਼ਾ ਲੈਂਦਿਆਂ ਐਸ.ਡੀ.ਐਮਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ 'ਤੇ ਸਬ ਡਵੀਜ਼ਨ ਵਾਰ ਅਜਿਹੇ ਮਾਮਲਿਆਂ ਦੀ ਮਹੀਨੇ ਵਿੱਚ ਘੱਟੋ-ਘੱਟ ਦੋ ਵਾਰ ਮੀਟਿੰਗ ਜ਼ਰੂਰ ਕਰਨ ਤਾਂ ਜੋ ਇਨ੍ਹਾਂ ਦੇ ਜੁਆਬ ਸਮੇਂ ਸਿਰ ਭੇਜੇ ਜਾ ਸਕਣ। ਡਿਪਟੀ ਕਮਿਸ਼ਨਟ ਨੇ ਆਰ.ਟੀ.ਆਈ. ਅਤੇ ਆਰ.ਟੀ.ਐਸ. ਨਾਲ ਸਬੰਧਤ ਅਰਜ਼ੀਆਂ ਦਾ ਵੀ ਵਿਸ਼ੇਸ਼ ਖਿਆਲ ਰੱਖਣ ਦੀ ਹਦਾਇਤ ਦਿੱਤੀ ਤਾਂ ਜੋ ਬਾਅਦ ਵਿੱਚ ਸਬੰਧਤ ਅਥਾਰਟੀਆਂ ਨੂੰ ਬੇਲੋੜੀਆਂ ਪ੍ਰੇਸ਼ਾਨੀਆਂ ਨਾ ਝੱਲਣੀਆਂ ਪੈਣ। ਉਨ੍ਹਾਂ ਕਿਹਾ ਕਿ ਇਹ ਦੋਵੇਂ ਐਕਟ ਜਨਤਾ ਨੂੰ ਸਹੂਲਤ ਦੇਣ ਲਈ ਬਣਾਏ ਗਏ ਹਨ ਅਤੇ ਇਨ੍ਹਾਂ ਵਿੱਚ ਕੋਈ ਵੀ ਲਾਪ੍ਰਵਾਹੀ ਨਾ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਪੈਂਡਿੰਗ ਰੈਫ਼ਰੈਂਸ, ਅਰਧ ਸਰਕਾਰੀ ਪੱਤਰਾਂ, ਸ਼ਿਕਾਇਤਾਂ ਦੇ ਜੁਆਬ ਹਰ ਪੰਦਰਵਾੜੇ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਆਉਂਦੇ ਸ਼ੁੱਕਰਵਾਰ ਤੱਕ ਡੀ.ਸੀ. ਦਫ਼ਤਰ ਵਿਖੇ ਇਨ੍ਹਾਂ ਨਾਲ ਸਬੰਧਤ ਸ਼ਾਖਾਵਾਂ ਵਿਖੇ ਜੁਆਬ ਪੁੱਜਦੇ ਕਰਨ ਲਈ ਆਖਿਆ। ਇਸ ਤੋਂ ਇਲਾਵਾ ਸਮੂਹ ਵਿਭਾਗਾਂ ਨੂੰ ਉਨ੍ਹਾਂ ਕੋਲ ਲੰਬਿਤ ਦਸੰਬਰ 2017 ਦੇ ਅੱਧ ਤੱਕ ਦੀਆਂ ਸਮੁੱਚੀਆਂ ਸ਼ਿਕਾਇਤਾਂ ਦਾ ਨਿਪਟਾਰਾ ਹਰ ਹਾਲ ਵਿੱਚ ਕਰਨ ਅਤੇ ਪੜਤਾਲ ਆਦਿ ਦੀ ਹਾਲਤ ਵਿੱਚ ਉਸ ਦਾ ਅੰਤਰਿਮ ਜੁਆਬ ਸਮੇਂ ਸਿਰ ਭੇਜਣ ਲਈ ਆਖਿਆ।
ਮੀਟਿੰਗ ਵਿੱਚ ਏ.ਡੀ.ਸੀ. (ਜ) ਰਣਜੀਤ ਕੌਰ, ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ, ਐਸ.ਡੀ.ਐਮ. ਨਵਾਂਸ਼ਹਿਰ ਅਦਿਤਿਆ ਉੱਪਲ, ਸਹਾਇਕ ਕਮਿਸ਼ਨਰ ਸਰਬਜੀਤ ਕੌਰ ਤੇ ਅਨਮਜੋਤ ਕੌਰ, ਡੀ.ਐਸ.ਪੀ. (ਐਚ) ਗੁਰਪ੍ਰੀਤ ਸਿੰਘ, ਡੀ.ਡੀ.ਪੀ.ਓ. ਬਲਜੀਤ ਸਿੰਘ ਕੈਂਥ, ਡੀ.ਆਰ.ਓ.ਡਾ.ਸੁਰਿੰਦਰ ਪਾਲ ਅਗਨੀਹੋਤਰੀ ਜਿਲਾ ਸਾਇੰਸ ਸੁਪਰਵਾਈਜਰ, ਮੇਜਰ ਗੁਰਜਿੰਦਰ ਬੈਨੀਪਾਲ, ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ, ਚੇਤਨ ਬੰਗੜ, ਡੀ.ਐਫ.ਐਸ.ਸੀ. ਰੇਨੂੰ ਬਾਲਾ ਵਰਮਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਹਰਮੇਸ਼ ਸਿੰਘ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਬੀ.ਡੀ.ਪੀ.ਓਜ਼ ਨਰੇਸ਼ ਸਿਧਾਨ ਤੇ ਰਾਜੇਸ਼ ਚੱਢਾ, ਐਸ.ਡੀ.ਓ. ਪੰਚਾਇਤੀ ਰਾਜ ਬਲਵਿੰਦਰ ਸਿੰਘ, ਲੋਕ ਨਿਰਮਾਣ ਵਿਭਾਗ ਤਜਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਬੰਗਾ ਧਰਮਿੰਦਰ ਕੁਮਾਰ, ਪੀ.ਏ. ਟੂ ਡੀ.ਸੀ. ਜਸਬੀਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।