ਪਟਿਆਲਾ, 09 ਜਨਵਰੀ 2018: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਵੱਲੋਂ ਸਾਂਝੇ ਤੌਰ ’ਤੇ ਵਿਸ਼ਵ ਬੈਂਕ ਦੀ ਸਹਾਇਤਾ ਯੋਜਨਾ ਤਹਿਤ ਵਾਤਾਵਰਨ ਸੁਰੱਖਿਆ ਅਤੇ ਜਲ ਗੁਣਵੱਤਾ ਬਾਰੇ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਵਿਖੇ ਕਰਵਾਈ ਗਈ। ਇਸ ਸਿਖਲਾਈ ਵਰਕਸ਼ਾਪ ਵਿੱਚ ਜ਼ਿਲ੍ਹਾ ਪਟਿਆਲਾ ਅਤੇ ਸੰਗਰੂਰ ਦੇ ਲਗਭਗ 50 ਉਪ-ਮੰਡਲ ਇੰਜੀਨੀਅਰਾਂ, ਏ.ਈ., ਜੂਨੀਅਰ ਇੰਜੀਨੀਅਰਾਂ, ਵਾਤਾਵਰਨ ਮਾਹਿਰ, ਆਈ.ਈ.ਸੀ. ਮਾਹਿਰ, ਡਰਾਫ਼ਟਮੈਨ ਅਤੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਨੇ ਭਾਗ ਲਿਆ।
ਇਸ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਸ਼੍ਰੀ ਬੀ.ਆਰ. ਗੁਪਤਾ, ਟਰੇਨਿੰਗ ਮੈਨੇਜਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਭਾਗੀਦਾਰਾਂ ਨੂੰ ਟ੍ਰੇਨਿੰਗ ਦੇ ਉਦੇਸ਼ਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਪਾਣੀ ਸਪਲਾਈ ਸਕੀਮਾਂ ਨਾਲ ਸਬੰਧਤ ਸਮਾਜਿਕ ਸੁਰੱਖਿਆ ਬਾਰੇ ਵੀ ਉਜਾਗਰ ਕੀਤਾ ਗਿਆ।
ਸ਼੍ਰੀ ਵਰਧਨ ਸ਼੍ਰੀਵਾਸਤਵਾ, ਸੀਨੀਅਰ ਵਾਤਾਵਰਨ ਮਾਹਿਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਪੂਰਵ-ਯੋਜਨਾਬੰਦੀ ਦੇ ਪੜਾਅ ਤੇ ਵਿਚਾਰ ਅਤੇ ਵਾਤਾਵਰਨ ਰੱਖਿਆ ਪ੍ਰਣਾਲੀ ਵਿਸ਼ੇ ਤੇ ਪੇਸ਼ਕਾਰੀ ਦਿੱਤੀ ਅਤੇ ਵਾਤਾਵਰਨ ਪ੍ਰਬੰਧਨ ਫਰੇਮਵਰਕ ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਵਾਤਾਵਰਨ, ਝੀਲਾਂ, ਜੰਗਲਾਂ, ਸੁਰੱਖਿਅਤ ਖੇਤਰਾਂ, ਮਨੁੱਖੀ ਜੀਵ ਸਮੇਤ ਭੌਤਿਕ ਅਤੇ ਸਭਿਆਚਾਰਕ ਸਾਧਨਾਂ ਤੇ ਕਿਸੇ ਵੀ ਨੁਕਸਾਨਦੇਹ ਪ੍ਰਭਾਵ ਤੋਂ ਬਿਨਾਂ ਪਾਣੀ ਸਪਲਾਈ, ਸੀਵਰੇਜ ਅਤੇ ਸੈਨੀਟੇਸ਼ਨ ਸਕੀਮਾਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਸ਼੍ਰੀ ਸਾਜਿਦ ਅਲੀ, ਵਾਤਾਵਰਨ ਪ੍ਰਬੰਧਨ ਮਾਹਿਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ, ਪਲਾਨਿੰਗ ਅਤੇ ਡਿਜ਼ਾਈਨਿੰਗ ਬਾਰੇ ਜਾਣਕਾਰੀ ਦਿੱਤੀ ਗਈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਵਾਤਾਵਰਨ ਮਾਹਿਰ ਇੰਜ. ਜਿੰਮੀ ਖ਼ਾਨ ਵੱਲੋਂ ਸਟਨਿੰਗ ਅਤੇ ਵੇਸਟਿੰਗ, ਪਾਣੀ ਦੀ ਗੁਣਵੱਤਾ, ਸੈਪਲਿੰਗ ਅਤੇ ਟੈਸਟਿੰਗ ਬਾਰੇ ਅਤੇ ਇੰਜ. ਸੁਖਦੇਵ ਸਿੰਘ ਵੱਲੋਂ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ ਕਰਨ ਦੇ ਤਰੀਕਿਆਂ ਬਾਰੇ ਭਰਭੂਰ ਜਾਣਕਾਰੀ ਦਿੱਤੀ ਗਈ।
ਇਸ ਸਿਖਲਾਈ ਵਰਕਸ਼ਾਪ ਵਿੱਚ ਪ੍ਰਮੁੱਖ ਤੋਰ ਤੇ ਇੰਜ. ਜੇ.ਐੱਸ. ਚਹਿਲ, ਡਾਇਰੈਕਟਰ (ਟਰੇਨਿੰਗ ਅਤੇ ਕੈਪੇਸਟੀ ਬਿਲਡਿੰਗ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ, ਸ਼੍ਰੀ ਜਰਨੈਲ ਸਿੰਘ, ਖੇਤਰੀ ਪ੍ਰੋਜੈਕਟ ਡਾਇਰੈਕਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਅਤੇ ਇੰਜ. ਏ.ਪੀ. ਗਰਗ, ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੀ ਸ਼ਾਮਲ ਹੋਏ।