ਸਹੀਦ ਭਗਤ ਸਿੰਘ ਨਗਰ, 08 ਜਨਵਰੀ 2018: ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਵੱਖ-ਵੱਖ ਧਰਮਾਂ ਦੇ ਪਵਿੱਤਰ ਗ੍ਰੰਥਾਂ (ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਗਵਦ ਗੀਤਾ ਅਤੇ ਕੁਰਾਨ ਸ਼ਰੀਫ਼) ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਵੱਲੋਂ 11 ਜਨਵਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੌਰਾ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਅਨਮਜੋਤ ਕੌਰ ਨੇ ਦੱਸਿਆ ਕਿ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਜ਼ਿਲ੍ਹੇ ਦੇ ਪਿੰਡਾਂ ਗੜ੍ਹੀ ਕਾਨੂੰਨਗੋਆਂ, ਝੰਡੇਰ ਕਲਾਂ, ਖੋਥੜਾਂ, ਤਲਵੰਡੀ ਜੱਟਾਂ ਅਤੇ ਸੜੋਆ ਵਿਖੇ ਉਨ੍ਹਾਂ ਧਾਰਮਿਕ ਸਥਾਨਾਂ ਦੇ ਦੌਰੇ ਕਰੇਗਾ ਜਿੱਥੇ ਪਿਛਲੇ ਸਮੇਂ ਵਿੱਚ ਪਵਿੱਤਰ ਗ੍ਰੰਥਾਂ ਨਾਲ ਸਬੰਧਤ ਇਹ ਘਟਨਾਵਾਂ ਵਾਪਰੀਆਂ ਹਨ।
ਉਨ੍ਹਾਂ ਨੇ ਇਨ੍ਹਾਂ ਪਿੰਡਾਂ ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਰੱਖਣ ਵਾਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ, ਸਬੰਧਤ ਸਬ ਡਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਵੱਲੋਂ ਦਿੱਤੇ ਜਾਣ ਵਾਲੇ ਸਮੇਂ ਮੁਤਾਬਕ ਆਪਣੇ ਪਿੰਡ ਵਿੱਚ 11 ਜਨਵਰੀ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਕਲਮਬੰਦ ਕਰਵਾਉਣ ਦੀ ਅਪੀਲ ਕੀਤੀ ਹੈ।