ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਪਟਿਆਲਾ, 05 ਜਨਵਰੀ 2018 : ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਰੈਂਕਿੰਗ ਕੁਆਇਲਟੀ ਕੌਂਸਲ ਆਫ ਇੰਡੀਆ ਤੋਂ ਸਮੁੱਚੇ ਭਾਰਤ ਦੇ 4031 ਸ਼ਹਿਰਾਂ ਅਤੇ ਕਸਬਿਆਂ ਦੀ ਸਵੱਛਤਾ ਬਾਰੇ ਸਰਵੇਖਣ ਕਰਵਾ ਕੇ ਰੈਂਕਿੰਗ ਕਰਵਾਈ ਜਾ ਰਹੀ ਹੈ, ਜਿਸ ਸਬੰਧੀਂ ਸਵੱਛਤਾ ਸਰਵੇਖਣ 2018 ਤਹਿਤ 4 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ। ਅੱਜ ਇਥੇ ਨਗਰ ਨਿਗਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਰਵੇ ਦੌਰਾਨ ਸ਼ਹਿਰ ਦੀ ਸੁੰਦਰਤਾ ਅਤੇ ਦਿਖ ਸੁਧਾਰਨ ਵਿਚ ਆਮ ਪਬਲਿਕ ਦੀ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ ਜਿਸ ਲਈ ਨਗਰ ਨਿਗਮ ਪਟਿਆਲਾ ਨੇ 'ਮੇਰਾ ਕੂੜਾ ਮੇਰੀ ਜਿੰਮੇਵਾਰੀ' ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜੁਆਇੰਟ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਅਤੇ ਹੋਰ ਅਧਿਕਾਰੀ ਹਾਜਰ ਸਨ।
ਸ. ਖਹਿਰਾ ਨੇ ਦੱਸਿਆ ਕਿ ਪਿਛਲੇ ਸਰਵੇ ਦੌਰਾਨ ਪਟਿਆਲਾ ਦੀ ਰੈਕਿੰਗ 411 ਨੰਬਰ ਤੇ ਆਈ ਸੀ ਅਤੇ ਇਸ ਰੈਕਿੰਗ ਨੂੰ ਹੋਰ ਸੁਧਾਰਣ ਲਈ ਨਗਰ ਨਿਗਮ ਨੇ ਸਵੱਛਤਾ ਅਭਿਆਨ ਜੰਗੀ ਪੱਧਰ 'ਤੇ ਜਾਰੀ ਕੀਤਾ ਗਿਆ ਹੈ ਤੇ ਇਸ ਮੁਹਿੰਮ ਹੇਠ ਗਿੱਲੇ ਕੂੜੇ ਜਾਂ ਬਚੇ ਹੋਏ ਖਾਣ ਵਾਲੇ ਪਦਾਰਥਾਂ ਤੋਂ ਖਾਦ ਤਿਆਰ ਕੀਤੀ ਜਾਵੇਗੀ ਅਤੇ ਸੁੱਕੇ ਕੂੜੇ ਨੂੰ ਰੀਸਾਈਕਲ ਕਰਨ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਗੰਦਗੀ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਮ ਜਨਤਾ ਨੂੰ ਹੁਣ ਖੱਜਲ ਖੁਆਰ ਹੋਣ ਦੀ ਜਰੂਰਤ ਨਹੀ ਪਵੇਗੀ ਕਿਉ ਜੋ ਲੋਕ ਬਹੁਤ ਹੀ ਅਸਾਨੀ ਨਾਲ ਆਪਣੇ ਸਮਾਰਟ ਫੋਨ, ਮੁਬਾਇਲ ਰਾਂਹੀ ਸਵੱਛਤਾ ਐਪ ਡਾਊਨ ਲੋਡ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਨਗਰ ਨਿਗਮ ਵੱਲੋਂ ਇਸ ਸ਼ਿਕਾਇਤ 'ਤੇ 24 ਘੰਟੇ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਐਪ ਐਂਡਰਾਇਡ ਫੋਨਾਂ ਵਿਚ ਗੂਗਲ ਪਲੇਅ ਸਟੋਰ ਅਤੇ ਆਈਫੋਨ ਵਿਚ ਐਪਲ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਹੁਣ ਤੱਕ 1392 ਲੋਕਾਂ ਨੇ ਆਪਣੇ ਮੋਬਾਇਲ 'ਤੇ ਡਾਊਨਲੋਡ ਕੀਤਾ ਹੈ।
ਕਮਿਸ਼ਨਰ ਸ. ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਿਚ ਮੌਜੂਦ 36 ਇੰਚ ਤੋਂ 42 ਇੰਚ ਦੀ ਸੀਵਰੇਜ਼ ਲਾਇਨ ਦੀ ਸਫਾਈ ਲਈ ਵਿਸ਼ੇਸ ਤੌਰ 'ਤੇ ਸੁਪਰ ਸਕਸ਼ਨ ਮਸ਼ੀਨ ਮੰਗਵਾ ਕੇ ਸਫਾਈ ਸ਼ੁਰੂ ਕਰਵਾਈ ਗਈ ਹੈ। ਇਸ ਦੌਰਾਨ 30 ਕਿਲੋਮੀਟਰ ਮੇਨ ਸੀਵਰ ਦੀ ਸਫਾਈ ਕੀਤੀ ਜਾਣੀ ਹੈ ਹੁਣ ਤੱਕ ਤਕਰੀਬਨ 1 ਕਿਲੋਮੀਟਰ ਸੀਵਰ ਲਾਈਨ ਦੀ ਸਫਾਈ ਕੀਤੀ ਜਾ ਚੁੱਕੀ ਹੈ, ਇਹ ਲਾਈਨ 90 ਪ੍ਰਤੀਸ਼ਤ ਬੰਦ ਪਈ ਸੀ। ਉਨ੍ਹਾਂ ਕਿਹਾ ਕਿ ਸੀਵਰ ਲਾਈਨ ਦੀ ਸਫਾਈ ਨਾਲ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਦੌਰਾਨ ਕਾਫੀ ਨਿਜ਼ਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਸੈਨੀਟੇਸ਼ਨ ਦੇ ਸਬੰਧ 'ਚ ਕੂੜਾ ਕਰਕਟ ਜਨਤਕ ਥਾਵਾਂ 'ਤੇ ਸੁੱਟਣ ਵਾਲਿਆਂ ਨੂੰ ਜੁਰਮਾਨੇ ਆਦਿ ਕਰਨ ਦੇ ਸਬੰਧ 'ਚ ਕੇਂਦਰ ਸਰਕਾਰ ਦੇ 'ਮਾਡਲ ਬਾਇ-ਲਾਅਜ' ਨੂੰ ਅਪਣਾ ਲਿਆ ਹੈ।
ਸ. ਖਹਿਰਾ ਨੇ ਦੱਸਿਆ ਕਿ ਯਾਦਵਿੰਦਰਾ ਇਨਕਲੇਵ 'ਚ ਕੁੜਾ ਚੁੱਕਣ ਦੇ ਇਕ ਪਾਇਲਟ ਪ੍ਰਾਜੈਕਟ ਤਹਿਤ ਕਰੀਬ 190 ਘਰਾਂ ਤੋਂ ਕੂੜਾ ਵੱਖੋ-ਵੱਖਰਾ ਕਰਕੇ ਚੁੱਕਿਆ ਜਾ ਰਿਹਾ ਹੈ, ਜਿਸ ਵਿੱਚੋਂ ਰੀਸਾਇਕਲ ਹੋਣ ਵਾਲਾ ਪਦਾਰਥ ਵੱਖਰਾ ਕੱਢ ਲਿਆ ਜਾਂਦਾ ਹੈ ਅਤੇ ਗਲਣਸ਼ੀਲ ਪਦਾਰਥਾਂ ਦੀ ਖਾਦ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਪ੍ਰਬੰਧ ਸਾਰੇ ਸ਼ਹਿਰ 'ਚ ਕਰਨ ਦੀ ਤਜਵੀਜ ਹੈ ਤਾਂ ਕਿ ਕੂੜਾ ਕਰਕਟ ਦੀ ਸਾਂਭ ਸੰਭਾਲ ਅਤਿ ਆਧੁਨਿਕ ਤਕਨੀਕ ਨਾਲ ਅਤੇ ਵਾਤਾਵਰਣ ਪੱਖੀ ਢੰਗ ਤਰੀਕਿਆਂ ਨਾਲ ਹੋ ਸਕੇ।
ਸ. ਖਹਿਰਾ ਨੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਧਾਰਮਿਕ ਲੰਗਰ, ਹੋਰ ਕਿਸੇ ਵੀ ਕਿਸਮ ਦੇ ਸਮਾਗਮਾਂ, ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਦੌਰਾਨ ਡਿਸਪੋਏਬਲ ਅਤੇ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਸਹਿਰ ਵਿਚ ਜਨਤਕ ਥਾਵਾਂ ਅਤੇ ਖਾਸ ਕਰਕੇ ਪਾਰਕਾਂ ਵਿਚ ਪਾਲੀਥੀਨ ਅਤੇ ਪਲਾਸਟਿਕ ਡਿਸਪੋਜ਼ਏਬਲ ਦੀ ਵਰਤੋਂ ਦੀ ਸਖਤ ਮਨਾਹੀ ਕੀਤੀ ਗਈ ਹੈ।