ਡਿਪਟੀ ਕਮਿਸ਼ਨਰ ਅਮਿਤ ਕੁਮਾਰ ਜ਼ਿਲ੍ਹੇ ਦੇ ਪੱਤਰਕਾਰਾਂ ਨਾਲ ਮੀਟਿੰਗ ਕਰਦੇ ਹੋਏ।
ਸਹੀਦ ਭਗਤ ਸਿੰਘ ਨਗਰ 05 ਜਨਵਰੀ 2018: ਮੀਡੀਆ ਲੋਕਤੰਤਰ ਦਾ ਚੌਥਾ ਸਤੰਭ ਹੋਣ ਦੇ ਨਾਲ-ਨਾਲ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸਮਾਜ ਦੀਆਂ ਔਕੜਾਂ ਅਤੇ ਸਮੱਸਿਆਵਾਂ ਦਾ ਸੀਸ਼ਾ ਦਿਖਾਉਂਦਾ ਹੈ, ਇਸ ਲਈ ਮੀਡੀਆ ਦੀ ਜ਼ਿੰਮੇਂਵਾਰੀ ਜਿੱਥੇ ਅਹਿਮ ਹੁੰਦੀ ਹੈ, ਉੱਥੇ ਪ੍ਰਸ਼ਾਸ਼ਨ ਨਾਲ ਇਲਾਕਾਈ ਸਮੱਸਿਆਵਾਂ ਦੇ ਹੱਲ ਲਈ ਸਹਿਯੋਗ ਕਰਕੇ ਚੱਲਣ ਦੀ ਵੀ ਹੁੰਦੀ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਜ਼ਿਲ੍ਹੇ ਦੇ ਪੱਤਰਕਾਰਾਂ ਦੀ ਪਲੇਠੀ ਬੈਠਕ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਧਿਆਨ ਵਿੱਚ ਕਈ ਸਮੱਸਿਆਵਾ ਮੀਡੀਆ ਰਾਹੀਂ ਹੀ ਆਉਂਦੀਆਂ ਹਨ, ਜਿਨ੍ਹਾਂ ਦੇ ਹੱਲ ਲਈ ਪ੍ਰਸ਼ਾਸ਼ਨ ਵੱਲੋਂ ਤੁਰੰਤ ਪ੍ਰਭਾਵ ਨਾਲ ਯਤਨ ਕੀਤੇ ਜਾਂਦੇ ਹਨ।
ਉਨ੍ਹਾਂ ਜ਼ਿਲ੍ਹੇ ਬਾਰੇ ਆਪਣੀ ਪਹਿਲਕਦਮੀਆਂ ਪੱਤਰਕਾਰ ਭਾਈਚਾਰੇ ਨਾਲ ਸਾਂਝੀਆਂ ਕਰਦਿਆਂ ਆਖਿਆ ਕਿ ਉਹ ਹਮੇਸ਼ਾਂ ਇਨ੍ਹਾਂ ਦੀ ਕਾਮਯਾਬੀ ਲਈ ਮੀਡੀਆ ਦੇ ਹਾਂਪੱਖੀ ਹੁੰਗਾਰੇ ਦੀ ਆਸ ਰੱਖਣਗੇ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ 'ਨਿਵੇਕਲਾ ਨਵਾਂਸ਼ਹਿਰ' ਪ੍ਰਾਜੈਕਟ ਚਲਾਉਣ ਲਈ ਮੀਡੀਆ, ਸਮਾਜ ਸੇਵੀ ਸੰਸਥਾਂਵਾਂ ਅਤੇ ਹੋਰਨਾਂ ਅਗਾਂਹਵਧੂ ਲੋਕਾਂ ਦੀਆਂ ਸੇਵਾਵਾਂ ਦੀ ਵੱਡੀ ਲੋੜ ਪਵੇਗੀ।
ਇਸ ਮੌਕੇ ਪੱਤਰਕਾਰਾਂ ਪਾਸੋਂ ਇਲਾਕਾਵਾਰ ਫ਼ੀਡਬੈਕ ਲੈਂਦਿਆਂ, ਉਨ੍ਹਾਂ ਜਿੱਥੇ ਸਮੱਸਿਆਵਾਂ ਬਾਰੇ ਜਾਣਕਾਰੀ ਲਈ, ਉੱਥੇ ਉਨ੍ਹਾਂ ਦੇ ਢੁਕਵੇਂ ਹੱਲ ਲਈ ਭਰੋਸਾ ਵੀ ਦਿਵਾਇਆ। ਉਨ੍ਹਾਂ ਅਪੀਲ ਕੀਤੀ ਕਿ ਮੀਡੀਆ ਦੇ ਹਾਂ-ਪੱਖੀ ਸਹਿਯੋਗ ਨਾਲ ਹੀ ਪ੍ਰਸ਼ਾਸ਼ਨ ਚਲਾਇਆ ਜਾ ਸਕਦਾ ਹੈ, ਜਿਸ ਲਈ ਮੀਡੀਆ ਨੂੰ ਸਮੱਸਿਆਵਾਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦੇ ਜਾਣ ਦੀ ਲੋੜ ਹੈ।
ਇਸ ਤੋਂ ਬਾਅਦ ਸਵੈ-ਸੇਵੀ ਸੰਸਥਾਂਵਾਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਬਹੁਤ ਸਾਰੇ ਅਜਿਹੇ ਕੰਮ ਜਿਹੜੇ ਕਿ ਸਰਕਾਰੀ ਜ਼ਿੰਮੇਂਵਾਰੀਆਂ ਅਤੇ ਨੇਮਾਂ ਵਿੱਚ ਬੰਨ੍ਹੇ ਹੋਣ ਕਾਰਨ, ਜ਼ਿਲ੍ਹਾ ਪ੍ਰਸ਼ਾਸ਼ਨ ਚਾਹ ਕੇ ਵੀ ਨਹੀਂ ਕਰ ਸਕਦਾ, ਉਨ੍ਹਾਂ ਨੂੰ ਨੇਪਰੇ ਚਾੜ੍ਹਨ ਵਿੱਚ ਸਮਾਜ ਸੇਵੀ ਸੰਸਥਾਂਵਾਂ ਵੱਡਾ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਜ਼ਿਲ੍ਹੇ ਵਿੱਚ ਭਰੂਣ ਹੱਤਿਆ ਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਸ੍ਰੀ ਕ੍ਰਿਸ਼ਨ ਕੁਮਾਰ ਦੇ ਸਮੇਂ ਚਲਾਈ ਗਈ ਮੁਹਿੰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਬਹੁਤ ਸਾਰੇ ਕਾਰਜ ਅੱਜ ਵੀ ਇਨ੍ਹਾਂ ਸੰਸਥਾਂਵਾਂ ਦੇ ਸਹਿਯੋਗ ਦੀ ਮੰਗ ਕਰਦੇ ਹਨ।
ਉਨ੍ਹਾਂ ਨੇ ਸਮੂਹ ਸੰਸਥਾਂਵਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ, ਭਵਿੱਖ ਵਿੱਚ ਜ਼ਿਲ੍ਹੇ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਅਤੇ ਸਹਿਯੋਗ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਂਵਾਂ ਸਮਾਜ ਨਾਲ ਬਹੁਤ ਹੀ ਨੇੜੇ ਤੋਂ ਜੁੜੀਆਂ ਹੋਣ ਕਾਰਨ, ਬਹੁਤ ਹੀ ਵਧੀਆਂ ਜ਼ਿੰਮੇਂਵਾਰੀ ਨਿਭਾਅ ਸਕਦੀਆਂ ਹਨ।
ਮੀਟਿੰਗਾਂ ਵਿੱਚ ਜ਼ਿਲ੍ਹੇ ਦੇ ਪੱਤਰਕਾਰਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਜ) ਅਨਮਜੋਤ ਕੌਰ, ਈ.ਏ.ਸੀ. (ਸਿਖਲਾਈ ਅਧੀਨ) ਅਰਸ਼ਦੀਪ ਸਿੰਘ ਲੁਬਾਨਾ ਪੀ.ਸੀ.ਐਸ., ਡੀ.ਪੀ.ਆਰ.ਓ. ਰਸ਼ਿਮ ਵਰਮਾ, ਐਨ.ਜੀ.ਓਜ਼ ਵਿੱਚ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ, ਦੋਆਬਾ ਸੇਵਾ ਸੰਮਤੀ, ਬਲੱਡ ਡੋਨਰਜ਼ ਕੌਂਸਲ, ਜ਼ਿਲ੍ਹਾ ਆਈ ਡੋਨਰਜ਼ ਐਸੋਸੀਏਸ਼ਨ, ਹਿਊਮਨ ਰਾਈਟਸ ਮੰਚ ਸੁਸਾਇਟੀ, ਭੂ ਵਰਥ, ਵਿਸ਼ਵਾਸ਼, ਸੰਕਲਪ, ਏਕ ਨੂਰ ਪਠਲਾਵਾ ਆਦਿ ਸੰਸਥਾਂਵਾਂ ਦੇ ਨੁਮਾਇੰਦੇ ਮੌਜੂਦ ਸਨ।