ਵਿਧਾਇਕ ਅੰਗਦ ਸਿੰਘ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਕਾਇਆ ਕਲਪ ਪ੍ਰੋਗਰਾਮ ਤਹਿਤ ਮਿਲੇ ਐਵਾਰਡ ਦੀ ਖੁਸ਼ੀ ਵਿੱਚ ਕੀਤੇ ਗਏ ਸਨਮਾਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ।
ਸਹੀਦ ਭਗਤ ਸਿੰਘ ਨਗਰ 04 ਜਨਵਰੀ 2018: ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਨੇ ਅੱਜ ਇੱਥੇ ਜ਼ਿਲ੍ਹਾ ਹਸਪਤਾਲ ਨੂੰ ਕਾਇਆ ਕਲਪ ਸਵੱਛ ਭਾਰਤ ਅਭਿਆਨ ਪ੍ਰੋਗਰਾਮ ਤਹਿਤ ਸੂਬੇ ਵਿੱਚੋਂ ਪਹਿਲਾ ਸਥਾਨ ਮਿਲਣ ਦੀ ਖੁਸ਼ੀ ਵਿੱਚ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਇਆ ਕਲਪ ਐਵਾਰਡ ਮਿਲਣ ਬਾਅਦ, ਹਸਪਤਾਲ ਦੇ ਸਟਾਫ਼ ਦੀ ਵੱਡੀ ਜ਼ਿੰਮੇਂਵਾਰੀ ਇਸ ਮਾਣ ਨੂੰ ਬਰਕਰਾਰ ਰੱਖਣ ਦੀ ਬਣ ਜਾਂਦੀ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਹਾਲਤਾਂ ਅਤੇ ਵਿਸ਼ੇਸ਼ਤਾਵਾਂ ਨੂੰ ਮੁੱਖ ਰੱਖ ਕੇ ਇਹ 50 ਲੱਖ ਰੁਪਏ ਦਾ ਐਵਾਰਡ ਪ੍ਰਾਪਤ ਹੋਇਆ ਹੈ, ਉਨ੍ਹਾਂ ਨੂੰ ਬਹਾਲ ਰੱਖਣ ਅਤੇ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਹੋਰ ਬੇਹਤਰ ਸੇਵਾ ਦੇਣਾ ਸਾਡੇ ਲਈ ਵੱਡੀ ਚਣੌਤੀ ਤੇ ਜ਼ਿੰਮੇਂਵਾਰੀ ਹੈ।
ਉਨ੍ਹਾਂ ਹਸਪਤਾਲ ਦੇ ਸਟਾਫ਼ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਸਾਲ 2016-17 ਦੌਰਾਨ ਕਾਇਆ ਕਲਪ ਪ੍ਰੋਗਰਾਮ ਵਿੱਚ ਚੌਥੇ ਸਥਾਨ 'ਤੇ ਰਹਿਣ ਬਾਅਦ, ਲਗਾਤਾਰ ਪਹਿਲੇ ਸਥਾਨ ਨੂੰ ਪ੍ਰਾਪਤ ਕਰਨ ਲਈ ਕੀਤੀ ਗਈ ਮੇਹਨਤ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਜਨਤਕ ਸੰਸਥਾਂਵਾਂ/ਸਰਕਾਰੀ ਸੰਸਥਾਂਵਾਂ ਦਾ ਸਟਾਫ਼ ਨਿੱਜੀ ਸੰਸਥਾਂਵਾਂ ਤੋਂ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨੈਸ਼ਨਲ ਕੁਆਲਿਟੀਨ ਐਸ਼ੋਰੈਂਸ ਸਰਟੀਫ਼ਿਕੇਟ ਹਾਸਲ ਕਰਨਾ ਵੀ ਜ਼ਿਲ੍ਹਾ ਹਸਪਤਾਲ ਦੀ ਵੱਡੀ ਪ੍ਰਾਪਤੀ ਰਹੀ ਹੈ।
ਉਨ੍ਹਾਂ ਨੇ ਆਖਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਹੇ ਐਚ.ਆਈ.ਵੀ. ਕੌਂਸਲਿੰਗ ਸੈਂਟਰ ਵਿੱਚ ਇਲਾਜ ਵਾਸਤੇ ਲੋੜੀਂਦੇ ਏ.ਆਰ.ਟੀ. ਸੈਂਟਰ ਨੂੰ ਲਿਆਉਣ ਵਾਸਤੇ ਉਹ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਨੇ ਹਸਪਤਾਲ ਦੇ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡਣ ਕਿਉਂ ਜੋ ਗਰੀਬ ਲੋਕਾਂ ਲਈ ਸਰਕਾਰੀ ਸਿਹਤ ਸੰਸਥਾਂਵਾਂ ਹੀ ਵੱਡਾ ਸਹਾਰਾ ਹੁੰਦੀਆਂ ਹਨ।
ਇਸ ਮੌਕੇ ਵਿਧਾਇਕ ਅੰਗਦ ਸਿੰਘ ਵੱਲੋਂ ਕਾਇਆ ਕਲਪ ਪ੍ਰੋਗਰਾਮ ਵਿੱਚ ਐਵਾਰਡ ਹਾਸਲ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਜ਼ਿਲ੍ਹਾ ਹਸਪਤਾਲ ਦੇ ਸਮੂਹ ਵਿੰਗਾਂ ਜਿਨ੍ਹਾਂ ਵਿੱਚ ਸਫ਼ਾਈ ਸੇਵਕ, ਸੁਰੱਖਿਆ ਕਰਮੀ, ਲੈਬ ਸਟਾਫ਼, ਵਾਰਡ ਸਟਾਫ਼, ਓ.ਪੀ.ਡੀ. ਸਟਾਫ਼, ਇੰਨਡੋਰ ਸਟਾਫ਼, ਓ.ਟੀ. ਸਟਾਫ਼, ਲੇਬਰ ਰੂਮ ਸਟਾਫ਼ ਤੇ ਹੋਰ ਵਿੰਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਗਿਆ। ਹਸਪਤਾਲ ਲਈ ਵੱਖ-ਵੱਖ ਤਰ੍ਹਾਂ ਦਾ ਸਮਾਨ ਦਾਨ ਦੇਣ ਵਾਲੇ ਅਦਾਰਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਗਿਆ ਜਦਕਿ ਹਸਪਤਾਲ ਲਈ ਸਹਿਯੋਗ ਦੇਣ ਵਾਲੀਆਂ ਸਮਾਜ ਸੇਵੀ ਸੰਸਥਾਂਵਾਂ ਨੂੰ ਵੀ ਸਨਮਾਨਿਆ ਗਿਆ।
ਇਸ ਤੋਂ ਇਲਾਵਾ ਕਾਇਆ ਕਲਪ ਪ੍ਰੋਗਰਾਮ ਤਹਿਤ ਹੀ ਪ੍ਰਸ਼ੰਸਾਯੋਗ ਕਾਰਗੁਜ਼ਾਰੀ ਲਈ ਐਲਾਨੇ ਗਏ ਮਿਨੀ ਪੀ.ਐਚ.ਸੀ. ਪੋਜੇਵਾਲ ਅਤੇ ਬਹਿਰਾਮ ਦੇ ਸਟਾਫ਼ ਨੂੰ ਵੀ ਸਨਮਾਨਿਆ ਗਿਆ। ਇਸ ਤੋਂ ਇਲਾਵਾ ਪੀ.ਐਚ.ਸੀ. ਕਾਠਗੜ੍ਹ ਨੂੰ ਜ਼ਿਲ੍ਹੇ ਵਿੱਚੋਂ ਸਰਵੋਤਮ ਸਿਹਤ ਸੰਸਥਾ ਦਾ 2 ਲੱਖ ਰੁਪਏ ਦਾ ਐਵਾਰਡ ਹਾਸਲ ਕਰਨ, ਪੀ.ਐਚ.ਸੀ. ਖਟਕੜ ਕਲਾਂ ਅਤੇ ਪੀ.ਐਚ.ਸੀ. ਸੁੱਜੋਂ ਨੂੰ ਕਰਮਵਾਰ ਦੂਜੇ ਤੇ ਤੀਜੇ ਥਾਂ 'ਤੇ ਰਹਿ ਕੇ 50-50 ਹਜ਼ਾਰ ਰੁਪਏ ਦਾ ਇਨਾਮ ਹਾਸਲ ਕਰਨ 'ਤੇ ਸਨਮਾਨ ਚਿੰਨ੍ਹ ਦਿੱਤੇ ਗਏ।
ਕਾਇਆ ਕਲਪ ਪ੍ਰੋਗਰਾਮ ਦੀ ਸਟੇਟ ਨੋਡਲ ਅਫ਼ਸਰ ਅਤੇ ਸਹਾਇਕ ਡਾਇਰੈਕਟਰ ਸਿਹਤ ਸੇਵਾਵਾਂ ਡਾ. ਪਰਵਿੰਦਰਪਾਲ ਕੌਰ ਨੇ ਇਸ ਮੌਕੇ ਆਖਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵੱਲੋਂ, ਕਾਇਆ ਕਲਪ ਐਵਾਰਡ ਲਈ ਚੁਣੇ ਗਏ 14 ਜ਼ਿਲ੍ਹਾ ਹਸਪਤਾਲਾਂ ਵਿੱਚੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੇ ਸਭ ਤਪੋਂ ਵਧੇਰੇ 93.6 ਫ਼ੀਸਦੀ ਅੰਕ ਪ੍ਰਾਪਤ ਕਰਕੇ, ਇਹ ਐਵਾਰਡ ਹਾਸਲ ਕੀਤਾ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿਵਲ ਹਸਪਤਾਲ ਵਿੱਚ ਬਲੱਡ ਬੈਂਕ ਅਤੇ ਨਵਜਨਮੇ ਬਿਮਾਰ ਬੱਚਿਆਂ ਦਾ ਇਲਾਜ ਯੂਨਿਟ ਵੀ ਚਾਲੂ ਹੁੰਦਾ ਤਾਂ ਇਹ ਅੰਕ 100 ਫ਼ੀਸਦੀ 'ਤੇ ਪੁੱਜ ਜਾਣੇ ਸਨ।
ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਉਹ ਜ਼ਿਲ੍ਹੇ ਨੂੰ ਸਿਹਤ ਸੇਵਾਵਾਂ ਵਿੱਚ ਮਾਡਲ ਜ਼ਿਲ੍ਹਾ ਬਣਾਉਣ ਲਈ ਆਰੰਭੀਆਂ ਗਈਆਂ ਕੋਸ਼ਿਸ਼ਾਂ ਨੂੰ ਸਮੁੱਚੇ ਸਿਹਤ ਵਿਭਾਗ ਦੀ ਟੀਮ ਨਾਲ ਅੱਗੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਏ.ਆਰ.ਟੀ. ਸੈਂਟਰ ਅਤੇ ਨਵਜਨਮੇ ਬੱਚਿਆਂ ਦੇ ਇਲਾਜ ਯੂਨਿਟ ਦੀ ਕਾਇਮੀ ਨਾਲ ਜ਼ਿਲ੍ਹਾ ਹਸਪਤਾਲ ਆਪਣੇ ਆਪ ਵਿੱਚ ਸੰਪੂਰਨ ਸਿਹਤ ਸੰਸਥਾ ਬਣ ਜਾਵੇਗਾ। ਉਨ੍ਹਾਂ ਇਸ ਲਈ ਵਿਧਾਇਕ ਅੰਗਦ ਸਿੰਘ ਪਾਸੋਂ ਰਾਜ ਸਰਕਾਰ ਪਾਸੋਂ ਲੋੜੀਂਦੀ ਸਹਾਇਤਾ ਲੈ ਕੇ ਦੇਣ ਦੀ ਮੰਗ ਵੀ ਰੱਖੀ। ਉਨ੍ਹਾਂ ਕਾਇਆ ਕਲਪ ਐਵਾਰਡ ਹਾਸਲ ਕਰਨ ਵਿੱਚ ਐਸ.ਐਮ.ਓ. ਡਾ. ਹਰਵਿੰਦਰ ਸਿੰਘ ਤੇ ਉਸ ਵੇਲੇ ਦੇ ਮੈਡੀਕਲ ਅਫ਼ਸਰ ਤੇ ਹੁਣ ਦੇ ਡੀ.ਐਚ.ਓ. ਡਾ. ਕੁਲਦੀਪ ਰਾਏ ਵੱਲੋਂ ਕੀਤੀ ਮੇਹਨਤ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਾਣਾ ਕੁਲਦੀਪ ਸਿੰਘ ਜਾਡਲਾ, ਡਿਪਟੀ ਮੈਡੀਕਲ ਕਮਿਸ਼ਨਰ ਦਿਆਲ ਸਰੂਪ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਸ੍ਰੀ ਚਮਨ ਸਿੰਘ ਭਾਨ ਮਜਾਰਾ, ਐਸ.ਐਮ.ਓ. ਡਾ. ਹਰਵਿੰਦਰ ਸਿੰਘ, ਜ਼ਿਲ੍ਹਾ ਡੈਂਟਲ ਅਫ਼ਸਰ ਗੁਲਜ਼ਾਰ ਚੰਦ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਸਿੰਘ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤ ਰਾਮ, ਕਿਰਪਾਲ ਸਿੰਘ ਝੱਲੀ, ਗੁਰਮੰਗਪ੍ਰਸ਼ਾਦ ਸਿੰਘ ਵੀ ਮੌਜੂਦ ਸਨ।