ਸ੍ਰੀ ਅਮਿਤ ਕੁਮਾਰ ਖਟਕੜ ਕਲਾਂ ਵਿਖੇ ਹੁਨਰੀ ਸਿਖਿਆ ਮਹਿਲਾਵਾਂ ਨੂੰ ਸਰਟੀਫ਼ਿਕੇਟਾਂ ਦੀ ਵੰਡ ਕਰਦੇ ਹੋਏ।
ਸਹੀਦ ਭਗਤ ਸਿੰਘ ਨਗਰ 03 ਜਨਵਰੀ 2018: ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਅੱਜ ਖਟਕੜ ਕਲਾਂ ਵਿਖੇ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਸਹਿਯੋਗ ਨਾਲ ਬਿਊਟੀਸ਼ੀਅਨ ਦੇ ਕੋਰਸ ਲਈ ਸਿਖਿਅਤ ਕੀਤੀਆਂ ਗਈਆਂ 35 ਮਹਿਲਾਵਾਂ ਨੂੰ ਸਰਟੀਫ਼ਿਕੇਟਾਂ ਦੀ ਵੰਡ ਕੀਤੀ।
ਇਸ ਮੌਕੇ ਉਨ੍ਹਾਂ ਨੇ ਜਿੱਥੇ ਬੈਂਕ ਅਤੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉੱਥੇ ਨਾਲ ਹੀ ਬੈਂਕ ਨੂੰ ਇਸ ਪਿੰਡ ਨੂੰ ਡਿਜੀਟਲ ਲੈਣ ਦੇਣ (ਕੈਸ਼ਲੈਸ) ਵਾਲੇ ਪਿੰਡ ਵਜੋਂ ਵਿਕਸਿਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਇਸ ਜੱਦੀ ਪਿੰਡ ਨੂੰ ਹੋਰਨਾਂ ਪਿੰਡਾਂ ਲਈ ਮਾਰਗ ਦਰਸ਼ਕ ਵਜੋਂ ਬਣਾਇਆ ਜਾਵੇ।
ਇਸ ਮੌਕੇ ਆਈ.ਸੀ.ਆਈ.ਸੀ.ਆਈ. ਦੇ ਨਵਾਂਸ਼ਹਿਰ ਬਰਾਂਚ ਮੈਨੇਜਰ ਹਰੀਸ਼ ਵਾਲੀਆ ਅਤੇ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਪ੍ਰਤੀਨਿਧ ਸ੍ਰੀ ਪੁਰੋਹਿਤ ਨੇ ਦੱਸਿਆ ਕਿ ਫਾਊਂਡੇਸ਼ਨ ਦਾ ਮੁੁੱਖ ਮੰਤਵ 18 ਸਾਲ ਤੋਂ ਉੱਪਰ ਉਮਰ ਦੇ ਬਾਲਗਾਂ ਨੂੰ ਹੁਨਰੀ ਸਿਖਿਆ ਦੇ ਕੇ, ਸਵੈ-ਰੋਜ਼ਗਾਰ ਦੇ ਸਮਰੱਥ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ 30-30 ਦਿਨਾਂ ਦੇ ਇਨ੍ਹਾਂ ਭਵਿੱਖੀ ਕੋਰਸਾਂ ਵਿੱਚ ਸਟਿਚਿੰਗ ਅਤੇ ਡੇਅਰੀ ਫ਼ਾਰਮਿੰਗ ਦੇ ਕੋਰਸ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਖਰੜ ਵਿਖੇ ਫਾਊਂਡੇਸ਼ਨ ਦੇ ਮੁੱਖ ਦਫ਼ਤਰ ਵਿਖੇ ਤਿੰਨ ਮਹੀਨੇ ਦਾ ਲੜਕੀਆਂ ਵਾਸਤੇ 'ਆਫ਼ਿਸ ਐਡਮਿਨਿਸਟ੍ਰੇਸ਼ਨ' ਦਾ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਾਸਤੇ ਕੋਈ ਫ਼ੀਸ ਨਹੀਂ ਲਈ ਜਾਂਦੀ ਅਤੇ ਵੱਧ ਤੋਂ ਵੱਧ ਪਲੇਸਮੈਂਟ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਇਸ ਮੌਕੇ ਬੀ.ਡੀ.ਪੀ.ਓ. ਬੰਗਾ ਨੀਰਜ ਸਿਧਾਨ, ਸਰਪੰਚ ਸੁਖਵਿੰਦਰ ਸਿੰਘ ਵੀ ਮੌਜੂਦ ਸਨ।