ਪਿਛਲੇ 30 ਸਾਲਾਂ 'ਚ ਮਰੀਜਾਂ ਨਾਲ ਨਵਾਂ ਸਾਲ ਮਨਾਉਣ ਵਾਲੇ ਪਹਿਲੇ ਮੰਤਰੀ ਬਣੇ ਬ੍ਰਹਮ ਮਹਿੰਦਰਾ
ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ'
ਉਚ ਤਾਕਤੀ ਕਮੇਟੀ ਦੀ ਮੀਟਿੰਗ ਇਸੇ ਮਹੀਨੇ ਪਟਿਆਲਾ 'ਚ
ਪਟਿਆਲਾ, 01 ਜਨਵਰੀ 2018: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਐਜੂਕੇਸ਼ਨ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਸਵੇਰੇ 'ਨਵਾਂ ਵਰ੍ਹਾ-2018' ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਵਿਦਿਆਰਥੀਆਂ, ਰਜਿੰਦਰਾ ਹਸਪਤਾਲ, ਏ.ਪੀ. ਜੈਨ ਸਿਵਲ ਹਸਪਤਾਲ ਰਾਜਪੁਰਾ ਦੀ ਐਮਰਜੈਂਸੀ 'ਚ ਦਾਖਲ ਮਰੀਜਾਂ, ਡਾਕਟਰਾਂ ਤੇ ਹੋਰ ਸਟਾਫ਼ ਨਾਲ ਮਨਾ ਕੇ ਇਕ ਨਵੀਂ ਪਿਰਤ ਪਾਈ। ਆਪਣੀ ਇਸ ਫੇਰੀ ਦੌਰਾਨ ਸ੍ਰੀ ਮਹਿੰਦਰਾ ਨੇ ਜਿਥੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ, ਫੈਕਲਟੀ ਤੇ ਸਟਾਫ਼ ਸਮੇਤ ਇਥੇ ਦਾਖਲ ਮਰੀਜਾਂ, ਡਾਕਟਰਾਂ ਤੇ ਹੋਰ ਅਮਲੇ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਉਥੇ ਹੀ ਉਨ੍ਹਾਂ ਨੇ ਮਠਿਆਈ ਵੰਡ ਕੇ ਇਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਜਾਣੀਆਂ।
ਇਸ ਮੌਕੇ ਸ੍ਰੀ ਮਹਿੰਦਰਾ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਸੁਧਾਰ ਲਈ 100 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਸੀ ਜਿਸ ਵਿਚੋਂ 88 ਕਰੋੜ ਰੁਪਏ ਦਾ ਪ੍ਰਾਜੈਕਟ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸ ਨਾਲ ਉਪਰੇਸ਼ਨ ਥੀਏਟਰ, ਜਲ ਸਪਲਾਈ, ਬਾਥਰੂਮਾਂ ਅਤੇ ਪਾਰਕਾਂ ਸਮੇਤ ਐਮਰਜੈਂਸੀ ਦਾ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਦੇ ਸੁਧਾਰ ਲਈ ਮੁੱਖ ਮੰਤਰੀ ਵਲੋਂ ਬਣਾਈ ਗਈ ਉਚ ਤਾਕਤੀ ਕਮੇਟੀ ਦੀ ਮੀਟਿੰਗ ਇਸੇ ਮਹੀਨੇ ਪਟਿਆਲਾ ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਜਿਥੇ ਕਿਤੇ ਮੁਰੰਮਤ ਦੀ ਲੋੜ ਹੈ ਉਸਨੂੰ ਪਹਿਲ ਦੇ ਆਧਾਰ 'ਤੇ ਠੀਕ ਕਰਵਾਇਆ ਜਾਵੇਗਾ। ਮਰੀਜਾਂ ਦਾ ਹਾਲ-ਚਾਲ ਜਾਣਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਮੈਡੀਕਲ ਕਾਲਜ 'ਚ ਸ੍ਰੀ ਮਹਿੰਦਰਾ ਨੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਕਲਾਜ 'ਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਵਰ੍ਹੇ ਦੀ ਆਮਦ 'ਤੇ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਮੈਡੀਕਲ ਕਾਲਜ 'ਚ ਅਧਿਆਪਕਾਂ ਅਤੇ ਲੋੜੀਂਦੇ ਉਪਰਕਣਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੇ ਤੇ ਲੜਕੀਆਂ ਦੇ ਹੋਸਟਲਾਂ ਸਮੇਤ ਬਾਥਰੂਮਾਂ 'ਚ ਜਿਥੇ ਕਿਤੇ ਵੀ ਕਮੀ ਪੇਸ਼ੀ ਕਰਕੇ ਕਿਸੇ ਸੁਧਾਰ ਦੀ ਲੋੜ ਹੈ ਉਸਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਸ੍ਰੀ ਮਹਿੰਦਰਾ ਨੇ ਇਸ ਮਗਰੋਂ ਰਾਜਪੁਰਾ ਦੇ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ ਮਰੀਜਾਂ ਨੂੰ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੱਤੀ ਅਤੇ ਹਸਪਤਾਲ 'ਚ ਪ੍ਰਬੰਧਾਂ ਅਤੇ ਮਰੀਜਾਂ ਦੀ ਸਿਹਤ ਸੰਭਾਲ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਸ ਹਸਪਤਾਲ ਵਿਖੇ ਮਰੀਜਾਂ ਲਈ ਇਮਾਰਤ ਛੋਟੀ ਪੈ ਰਹੀ ਹੈ ਉਸਦੇ ਵਿਸਥਾਰ ਲਈ ਨਵਾਂ ਪ੍ਰਾਜੈਕਟ ਬਣਾਇਆ ਜਾਵੇਗਾ। ਇਸ ਤੋਂ ਬਿਨ੍ਹਾਂ ਜਿਥੇ ਕਿਤੇ ਲੈਬਾਰਟਰੀ ਆਦਿ ਦੀ ਕਮੀ ਪੇਸ਼ੀ ਹੈ, ਉਸ 'ਚ ਵੀ ਸੁਧਾਰ ਕਰਕੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਉਪਕਰਣਾਂ ਦੀ ਘਾਟ ਜਲਦ ਹੀ ਪੂਰੀ ਕਰ ਦਿੱਤੀ ਜਾਵੇਗੀ।
ਇਥੇ ਇਹ ਦੱਸਣਯੋਗ ਹੈ ਕਿ ਸ੍ਰੀ ਬ੍ਰਹਮ ਮਹਿੰਦਰਾ, ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਸਮੇਤ ਹੋਰ ਸਿਵਲ ਹਸਪਤਾਲਾਂ 'ਚ ਜਾ ਕੇ ਨਵ੍ਹਾਂ ਵਰ੍ਹਾ ਮਨਾਉਣ ਵਾਲੇ ਪਹਿਲੇ ਸਿਹਤ ਮੰਤਰੀ ਬਣ ਗਏ ਹਨ। ਉਨ੍ਹਾਂ ਦੀ ਇਸ ਫੇਰੀ ਦੌਰਾਨ ਮਰੀਜਾਂ ਸਮੇਤ ਡਾਕਟਰਾਂ ਵੱਲੋਂ ਇਸ ਦੀ ਜਿਥੇ ਸ਼ਲਾਘਾ ਕੀਤੀ ਜਾ ਰਹੀ ਸੀ, ਉਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਕਦੇ ਵੀ ਕਿਸੇ ਸਿਹਤ ਮੰਤਰੀ ਨੇ ਇਸ ਪ੍ਰਕਾਰ ਨਵਾਂ ਵਰ੍ਹਾਂ ਡਾਕਟਰਾਂ, ਮੈਡੀਕਲ ਵਿਦਿਆਰਥੀਆਂ ਅਤੇ ਮਰੀਜਾਂ ਨਾਲ ਮਠਿਆਈ ਸਾਂਝੀ ਕਰਕੇ ਕਦੇ ਨਹੀਂ ਮਨਾਇਆ। ਇਸ ਦੌਰਾਨ ਸਿਹਤ ਮੰਤਰੀ ਦੇ ਨਾਲ ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਏ.ਸੀ.ਐਸ. ਡਾ. ਜਤਿੰਦਰ ਕਾਂਸਲ, ਡਾ. ਵਿਸ਼ਾਲ ਚੋਪੜਾ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬੀ.ਐਸ. ਸਿੱਧੂ ਆਦਿ ਵੀ ਮੌਜੂਦ ਰਹੇ।