ਪਟਿਆਲਾ, 31 ਦਸੰਬਰ 2017: ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ1962 ਤੋਂ ਬਾਅਦ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਵਾਲ ਕੈਲੰਡਰ ਤਿਆਰ ਕਰ ਲਿਆ ਗਿਆ ਹੋਵੇ ਨਹੀਂ ਤਾਂ ਹਰ ਸਾਲ ਕੈਲੰਡਰ ਦੀ ਛਪਾਈ ਵਿੱਚ ਇੱਕ ਜਾਂ ਦੋ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਸੀ।ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਯੂਨੀਵਰਸਿਟੀ ਦੇ ਵਾਲ ਕੈਲੰਡਰ ਨੂੰ ਜਾਰੀ ਕਰਨ ਦੀ ਰਸਮ ਅਦਾ ਕੀਤੀ।
ਕੈਲੰਡਰ ਨੂੰ ਡਾ. ਸਰਬਜਿੰਦਰ ਸਿੰਘ ਦੀ ਅਗਵਾਈ ਵਾਲੀ ਪਬਲੀਕੇਸ਼ਨ ਬਿਊਰੋ ਟੀਮ ਨੂੰ ਸਮਰਪਿਤ ਕੀਤਾ ਜਿਨ੍ਹਾਂ ਨੇ ਯੂਨੀਵਰਸਿਟੀ ਤੇ ਬਿਨਾਂ ਕੋਈ ਵਿਤੀ ਬੋਝ ਪਾਇਆਂ ਇਸ ਕੈਲੰਡਰ ਨੂੰ ਛਪਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਨਾਲ ਪਬਲੀਕੇਸ਼ਨ ਬਿਊਰੋ ਵਲੋਂ ਹਰ ਸਾਲ ਮਾਰਕੀਟ ਤੋਂ ਕੈਲੰਡਰ ਦੀ ਛਪਾਈ ਤੇ ਕੀਤੇ ਜਾਂਦੇ ਬਹੁਤ ਸਾਰੇ ਖਰਚੇ ਦੀ ਬੱਚਤ ਹੋਈ। ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ ਅਤੇ ਰਜਿਸਟਰਾਰ, ਡਾ. ਮਨਜੀਤ ਸਿੰਘ ਨਿੱਜਰ ਨੇ ਇਸ ਘਟਨਾ ਨੂੰ ਇਕ ਨਤੀਜਾ-ਮੁਖੀ ਟੀਮ ਦਾ ਕੰਮ ਦੱਸਿਆ ਜਿਸ ਨੇ ਮਹੱਤਵਪੂਰਣ ਤਾਰੀਖਾਂ, ਦਿਨ ਅਤੇ ਛੁੱਟੀਆਂ ਦੀ ਸਮਾਂ-ਸਾਰਣੀ ਵਾਲੇ ਇਸ ਕੈਲੰਡਰ ਰਾਹੀਂ ਇਕ ਨਵੇਂ ਸੱਭਿਆਚਾਰ ਦੀ ਸ਼ੁਰੂਆਤ ਕੀਤੀ ਹੈ। ਬਾਅਦ ਵਿਚ ਡਾ. ਘੁੰਮਣ ਨੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਹੋਏ ਇੱਕ ਸਮਾਰੋਹ ਵਿੱਚ ਨਵੇਂ ਸਾਲ ਦੇ ਤੋਹਫ਼ੇ ਵਜੋਂ ਇਹ ਕੈਲੰਡਰ ਭੇਂਟ ਕੀਤਾ।
ਇਸ ਮੌਕੇ ਤੇ ਡੀਨ ਰਿਸਰਚ ਡਾ. ਜਸਪਾਲ ਕੌਰ; ਡੀਨ ਵਿਦਿਆਰਥੀ ਭਲਾਈ, ਡਾ. ਤਾਰਾ ਸਿੰਘ; ਐਡੀਸ਼ਨਲ ਡੀਨ ਵਿਦਿਆਰਥੀ ਡਾ. ਅੰਮ੍ਰਿਤਪਾਲ ਕੌਰ; ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ; ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ ਅਤੇ ਡਾਇਰੈਕਟਰ ਪਲਾਨਿੰਗ ਐਂਡ ਮੋਨੀਟਰਿੰਗ ਡਾ ਬੀ.ਐਸ. ਟਿਵਾਣਾ ਨੇ ਵੀ ਸਮਾਰੋਹ ਵਿੱਚ ਸਿ਼ਰਕਤ ਕੀਤੀ।