ਜੀ ਐੱਸ ਪੰਨੂ
ਪਟਿਆਲਾ, 30 ਦਸੰਬਰ,2017 :
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ 1 ਜਨਵਰੀ 2018 ਤੋਂ ਅਗਲੇ ਹੁਕਮਾਂ ਤੱਕ ਡਾ. ਗੁਰਦੀਪ ਸਿੰਘ ਬੱਤਰਾ, ਵਰਤਮਾਨ ਸਮੇਂ ਪ੍ਰੋਫੈਸਰ, ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਨੂੰ ਯੂਨੀਵਰਸਿਟੀ ਦੇ ਨਵੇਂ ਡੀਨ, ਅਕਾਦਮਿਕ ਮਾਮਲੇ ਵਜੋਂ ਨਿਯੁਕਤ ਕੀਤਾ ਗਿਆ ਹੈ। ਡਾ. ਬੱਤਰਾ, ਜੋ ਡੀਨ, ਰਿਸਰਚ ਅਤੇ ਪ੍ਰੋਫੈਸਰ ਇੰਚਾਰਜ ਵਜੋਂ ਕੰਮ ਕਰ ਰਹੇ ਹਨ, ਨੇ ਸੇਵਾਮੁਕਤ ਹੋਏ ਡਾ. ਇੰਦਰਜੀਤ ਸਿੰਘ ਦੀ ਥਾਂ ਲਈ ਹੈ।
ਡਾ. ਬੱਤਰਾ ਨੇ ਕਾਲਜ ਆਫ ਬਿਜਨਸ ਐਡਮਿਨਿਸਟ੍ਰੇਸ਼ਨ; ਯੂਨੀਵਰਸਿਟੀ ਆਫ ਇਲੀਨੋਇਸ, ਅਰਬਨਾ-ਚੈਂਪੇਨ, ਯੂਐਸਏ ਤੋਂ ਕਾਰਪੋਰੇਟ ਫਾਈਨੈਂਸ਼ੀਅਲ ਰਿਪੋਰਟਿੰਗ 'ਤੇ ਡਾਕਟਰੇਟ ਰਿਸਰਚ ਕੀਤੀ ਹੈ। ਉਹ ਇੱਕ ਕਾਮਨਵੈਲਥ-ਏ.ਐਮ.ਡੀ.ਆਈ.ਐਸ.ਏ. ਫੈਲੋ ਹਨ ਅਤੇ ਉਨ੍ਹਾਂ ਨੇ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਅਤੇ ਮਲਾਇਆ ਯੂਨੀਵਰਸਿਟੀ, ਕੁਆਲਾਲੰਪੁਰ, ਮਲੇਸ਼ੀਆ ਵਿੱਚ "ਕਾਰਪੋਰੇਟ ਵਾਤਾਵਰਣ ਪ੍ਰਭਾਵਾਂ" ਤੇ ਇੱਕ ਖੋਜ ਪ੍ਰੋਜੈਕਟ ਵਿੱਚ ਕੰਮ ਕੀਤਾ ਹੈ। ਵਰਤਮਾਨ ਸਮੇਂ ਉਹ ਸਕੂਲ ਆਫ ਅਕਾਊਂਟਿੰਗ ਐਂਡ ਲਾਅ, ਆਰਐਮਆਈਟੀ ਯੂਨੀਵਰਸਿਟੀ, ਮੇਲਬੋਰਨ, ਆਸਟਰੇਲੀਆ ਨਾਲ ਸਾਂਝੇ ਤੌਰ 'ਤੇ ''ਕੈਪੀਟਲ ਬੱਜਟਿੰਗ ਐਂਡ ਮੈਨੇਜਮੈਂਟ ਅਕਾਊਂਟਿੰਗ: ਐਵੀਡੈਂਸ ਫਰਾਮ ਇੰਡੀਅਨ ਕੰਪਨੀਜ਼'' ਤੇ ਇੱਕ ਖੋਜ ਪ੍ਰਾਜੈਕਟ ਤੇ ਕੰਮ ਕਰ ਰਹੇ ਹਨ।
ਉਨ੍ਹਾਂ ਕੋਲ ਸਿੱਖਿਆ, ਖੋਜ ਅਤੇ ਸਿਖਲਾਈ ਵਿੱਚ 35 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਵੱਖ ਵੱਖ ਪ੍ਰਸਿੱਧ ਰਾਸ਼ਟਰੀ ਅਤੇ ਰਾਸ਼ਟਰੀ ਰਸਾਲਿਆਂ ਵਿੱਚ ਉਨ੍ਹਾਂ ਦੀਆਂ 20 ਪੁਸਤਕਾਂ ਅਤੇ 100 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹੋਏ ਹਨ। ਉਨ੍ਹਾਂ ਨੇ 25 ਖੋਜ ਵਿਦਿਆਰਥੀਆਂ ਨੂੰ ਪੀਐਚ.ਡੀ. ਡਿਗਰੀਆਂ ਲਈ ਗਾਈਡ ਕੀਤਾ ਹੈ।
ਡਾ. ਬੱਤਰਾ ਨੂੰ ਅਕਾਊਂਟਿੰਗ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਲਈ ਇੰਡੀਅਨ ਅਕਾਊਂਟਿੰਗ ਐਸੋਸੀਏਸ਼ਨ ਦੁਆਰਾ ਯੰਗ ਰਿਸਰਚਰ ਪੁਰਸਕਾਰ ਅਤੇ 2012 ਵਿਚ ਇਕਨਾਮਿਕ ਗ੍ਰੋਥ ਐਂਡ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਕਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਮੈਨੇਜਮੈਂਟ ਐਕਸੀਲੈਂਸ ਐਵਾਰਡ -2015 ਨਾਲ ਵੀ ਸਨਮਾਨਿਤ ਕੀਤਾ ਗਿਆ।
ਇਤਿਹਾਸ ਵਿਭਾਗ ਦੇ ਪ੍ਰੋਫੈਸਰ ਡਾ. ਜਸਪਾਲ ਕੌਰ ਨੂੰ ਡਾ. ਬੱਤਰਾ ਦੀ ਜਗ੍ਹਾ ਡੀਨ, ਰਿਸਰਚ ਨਿਯੁਕਤ ਕੀਤਾ ਗਿਆ ਹੈ। ਡਿਸਟੈਂਟ ਐਜੂਕੇਸ਼ਨ ਵਿਭਾਗ ਦੇ ਪ੍ਰੋਫੈਸਰ ਤਾਰਾ ਸਿੰਘ ਨੂੰ ਡੀਨ ਕਾਲਜ, ਡਾ. ਕੁਲਬੀਰ ਸਿੰਘ ਢਿੱਲੋਂ ਨੂੰ ਵਾਧੂ ਚਾਰਜ ਤੋ਼ਂ ਹਟਾਉਂਦਿਆਂ ਡੀਨ, ਵਿਦਿਆਰਥੀ ਭਲਾਈ ਨਿਯੁਕਤ ਕੀਤਾ ਗਿਆ ਹੈ।
ਵਾਈਸ-ਚਾਂਸਲਰ ਵਲੋਂ ਡਾ. ਕੇ.ਐਸ. ਢਿੱਲੋਂ ਨੂੰ ਡੀਨ, ਕਾਲਜ ਵਿਕਾਸ ਕੌਂਸਲ; ਡਾ. ਨਿਸ਼ਾਨ ਸਿੰਘ ਨੂੰ ਪ੍ਰੋਵੋਸਟ; ਡਾ. ਗੁਰਚਰਨ ਸਿੰਘ ਨੂੰ ਪ੍ਰੋ: ਇੰਚਾਰਜ ਇੰਚਾਰਜ (ਕਾਨੂੰਨੀ ਮਾਮਲਿਆਂ); ਡਾ. ਰਵਨੀਤ ਕੌਰ ਨੂੰ ਵਧੀਕ ਪ੍ਰੋਵੋਸਟ (ਲੜਕੀਆਂ); ਡਾ. ਸਰਬਜਿੰਦਰ ਸਿੰਘ ਨੂੰ ਪ੍ਰੋਫੈਸਰ ਇੰਚਾਰਜ, ਪਬਲੀਕੇਸ਼ਨ ਬਿਊਰੋ ਅਤੇ ਡਾ. ਪਰਮਵੀਰ ਸਿੰਘ ਨੂੰ ਐਸੋਸ਼ੀਏਟ ਡੀਨ, ਅਲੂਮਨੀ ਵਜੋਂ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਸੇਵਾਵਾਂ ਵਿੱਚ ਵਾਧਾ ਕਰ ਦਿਤਾ ਗਿਆ ਹੈ। ਇਹ ਸਾਰੀਆਂ ਨਿਯੁਕਤੀਆਂ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਕੀਤੀਆਂ ਗਈਆਂ ਹਨ।