ਜੀ ਐੱਸ ਪੰਨੂ
ਪਟਿਆਲਾ 30 ਦਸੰਬਰ 2017 :
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਝੌਲੇ ਦੇ ਸੀਜ਼ਨ ਦੌਰਾਨ ਕੰਬਾਈਨਾਂ ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐਸ.ਐਮ.ਐਸ) ਲਗਾਉਣਾ ਲਾਜ਼ਮੀ ਕਰਨ ਲਈ ਲੋਕ ਰਾਇ ਮੰਗੀ ਹੈ ਤਾਂ ਜੋ ਪਰਾਲੀ ਦਾ ਵਿਗਿਆਨਿਕ ਨਿਪਟਾਰਾ ਕਰਦਿਆਂ ਇਸ ਨੂੰ ਲਗਾਈ ਜਾਂਦੀ ਅੱਗ ਨੂੰ ਠੱਲ ਪਾਈ ਜਾ ਸਕੇ। ਇਹ ਸਿਸਟਮ ਪਰਾਲੀ ਦੇ ਯੋਗ ਨਿਪਟਾਰੇ ਦਾ ਸਭ ਤੋਂ ਸਹੀ ਹੱਲ ਹੈ, ਜੋ ਕੰਬਾਈਨ ਤੋਂ ਨਿੱਕਲ ਰਹੇ ਫੂਸ ਦਾ ਕੁਤਰਾ ਕਰਦਾ ਹੈ। ਇਹ ਫੂਸ ਹੀ ਕਿਸਾਨਾਂ ਨੂੰ ਪਰਾਲੀ ਸਾਡ਼ਨ ਲਈ ਮਜ਼ਬੂਰ ਕਰਦਾ ਹੈ।
ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਿੰਮੇਵਾਰੀ ਹੈ, ਜਿਸ ਕਾਰਨ ਬੋਰਡ ਨੇ ਪਰਾਲੀ ਦੇ ਨਿਪਟਾਰੇ ਲਈ ਪਹਿਲ ਕਦਮੀ ਕਰਨ ਦਾ ਨਿਸ਼ਚਾ ਕੀਤਾ ਕਿਉਂਕਿ ਪਰਾਲੀ ਸਾੜਨ ਤੋਂ ਬਾਅਦ ਪੈਦਾ ਹੁੰਦੇ ਧੂੰਏਂ ਨਾਲ ਕਈ ਵਾਤਾਵਰਣੀ ਅਤੇ ਮਨੁੱਖੀ ਅਲਾਮਤਾ ਪੈਦਾ ਹੁੰਦੀਆਂ ਹਨ। ਪੰਜਾਬ ਸਰਕਾਰ ਨੇ ਸੰਨ 2013 ਵਿਚ ਪਰਾਲੀ ਸਾੜਨ ਤੇ ਪਾਬੰਦੀ ਲਗਾਈ ਸੀ ਅਤੇ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਪਰਾਲੀ ਸਾੜਨ ਤੇ ਮੁਕੰਮਲ ਰੋਕ ਦੇ ਸਖ਼ਤ ਹੁਕਮ ਦਿੱਤੇ ਹੋਏ ਹਨ। ਇਸ ਦੇ ਨਿਪਟਾਰੇ ਲਈ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਨੇ ਸੁਪਰ ਐਸ.ਐਮ.ਸੀ. ਲਗਾਏ ਜਾਣ ਦੀ ਸਿਫਾਰਸ਼ ਕੀਤੀ ਹੈ, ਜਿਹਡ਼ਾ ਕੰਬਾਇਨਾਂ ਨਾਲ ਵਾਢੀ ਤੋਂ ਬਾਅਦ ਪੈਦਾ ਹੋਈ ਪਰਾਲੀ ਦਾ ਕੁਤਰਾ ਕਰਕੇ ਖੇਤਾਂ ਵਿਚ ਖਿੰਡਾਉਂਦਾ ਹੈ, ਜਿਸ ਨਾਲ ਕਿਸਾਨ ਬਿਨਾਂ ਅੱਗ ਲਗਾਏ ਅਗਲੀ ਫਸਲ ਆਸਾਨੀ ਨਾਲ ਬੀਜ ਸਕਦਾ ਹੈ।
ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਸੁਪਰ ਐਸ.ਐਮ.ਐਸ ਰਾਹੀਂ ਪਰਾਲੀ ਦਾ ਨਿਪਟਾਰਾ ਕਰਕੇ ਅੱਗ ਲਗਾਉਣ ਦੀ ਰਵਾਇਤ ਠੱਲੀ ਜਾ ਸਕਦੀ ਹੈ ਅਤੇ ਹਵਾ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕਦਾ ਹੈ। ਖੇਤੀਬਾਡ਼ੀ ਯੂਨੀਵਰਸਿਟੀ ਦੀ ਇਸ ਸਿਫ਼ਾਰਸ ਨੂੰ ਧਿਆਨ ਵਿਚ ਰੱਖਦਿਆਂ ਪਿਛਲੇ ਸੀਜ਼ਨ ਬੋਰਡ ਨੇ ਕਿਸਾਨਾਂ ਅਤੇ ਕੰਬਾਈਨ ਚਾਲਕਾਂ ਲਈ ਇੱਕ ਨਸੀਅਤਨਾਮਾ ਜਾਰੀ ਕੀਤਾ ਕਿ ਉਹ ਸੁਪਰ ਐਸ.ਐਮ.ਐਸ. ਸਿਸਟਮ ਰਾਹੀਂ ਵਾਢੀ ਕਰਵਾ ਕੇ ਕਣਕ ਦੀ ਫਸਲ ਬੀਜਣ। ਪੰਜਾਬ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਸ ਨੂੰ ਅਮਲ ਵਿਚ ਲਿਆ ਕੇ ਕਣਕ ਦੀ ਬਿਜਾਈ ਕੀਤੀ ਅਤੇ ਇਹਨਾਂ ਖੇਤਾਂ ਵਿਚ, ਜਿੱਥੇ ਪਰਾਲੀ ਦੇ ਕੁਤਰੇ ਨੂੰ ਖੇਤ ਵਿਚ ਹੀ ਵਾਹ ਕੇ ਫਸਲ ਬੀਜੀ ਗਈ ਸੀ, ਭਰਪੂਰ ਫਸਲ ਹੋਣ ਦੀ ਵੱਡੀ ਉਮੀਦ ਹੈ।
ਸ੍ਰੀ ਪੰਨੂੰ ਨੇ ਅੱਗੇ ਦੱਸਿਆ ਕਿ ਸੁਪਰ ਐਸ.ਐਮ.ਐਸ. ਲਗਾਉਣਾ ਲਾਜ਼ਮੀ ਕਰਨ ਲਈ ਹਵਾ ਪ੍ਰਦੂਸ਼ਣ ਕੰਟਰੋਲ ਐਕਟ 1981 ਤਹਿਤ 30 ਦਿਨਾਂ ਦਾ ਨੋਟਿਸ ਪ੍ਰਕਾਸ਼ਿਤ ਕਰਕੇ ਲੋਕ ਰਾਇ ਮੰਗੀ ਗਈ ਹੈ ਕਿ ਕਿਉਂ ਨਾ ਪੰਜਾਬ ਅੰਦਰ ਹਰੇਕ ਕੰਬਾਇਨ ਚਾਲਕ, ਜੋ ਝੋਨੇ ਦੀ ਵਾਢੀ ਕਰਨਾ ਚਾਹੁੰਦਾ ਹੈ, ਦੀ ਕੰਬਾਇਨ ਉੱਤੇ ਇਹ ਸੁਪਰ ਐਸ.ਐਮ.ਐਸ. ਲੱਗਣਾ ਲਾਜ਼ਮੀ ਬਣਾਇਆ ਜਾਵੇ। ਰਾਜ ਅੰਦਰ ਕੋਈ ਵੀ ਕੰਬਾਇਨ ਬਿਨਾਂ ਸੁਪਰ ਐਸ.ਐਮ.ਐਸ. ਤੋਂ ਨਾ ਚੱਲਣ ਦਿੱਤੀ ਜਾਵੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਤਹਿਤ 6 ਸਾਲ ਤੱਕ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।