ਪਟਿਆਲਾ, 28 ਦਸੰਬਰ 2017 : ਆਮ ਦੁੱਧ ਖੱਪਤਕਾਰ ਤੱਕ ਸਾਫ ਅਤੇ ਸ਼ੁੱਧ ਦੁੱਧ ਦੀ ਪਹੁੰਚ ਯਕੀਨੀ ਬਣਾਉਣ ਹਿੱਤ ਡੇਅਰੀ ਵਿਕਾਸ ਵਿਭਾਗ ਨੇ ਅੱਜ ਇਥੇ ਤਫ਼ਜਲਪੁਰਾ, ਵਾਰਡ ਨੰਬਰ 26 ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਪਟਿਆਲਾ ਸ੍ਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਦੀ ਦੇਖ ਰੇਖ ਹੇਠ ਅਜਿਹੇ ਕੈਂਪ ਲਗਾਤਾਰ ਲਾਏ ਜਾ ਰਹੇ ਹਨ। ਇਸੇ ਤਹਿਤ ਇਹ ਕੈਂਪ ਕੌਂਸਲਰ ਸ੍ਰੀ ਰਵਿੰਦਰ ਟੋਨੀ ਦੇ ਸਹਿਯੋਗ ਨਾਲ ਲਗਾਇਆ ਅਗਿਆ। ਸ੍ਰੀ ਰੌਣੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਲੋਕਾਂ ਨੂੰ ਘਰਾਂ ਵਿੱਚ ਵਰਤਿਆ ਜਾਣ ਵਾਲਾ ਦੁੱਧ ਮੌਕੇ 'ਤੇ ਹੀ ਮੁਫ਼ਤ ਚੈੱਕ ਕਰਕੇ ਦੁੱਧ ਵਿਚਲੀ ਹਾਨੀਕਾਰਕ ਮਿਲਾਵਟ ਤੋਂ ਇਲਾਵਾ ਦੁੱਧ ਦੀ ਗੁਣਵੱਤਾ ਬਾਰੇ ਜਾਣੂ ਕਰਵਾਇਆ ਗਿਆ। ਬਹੁਤੇ ਲੋਕਾਂ ਨੂੰ ਆਪਣੇ ਘਰ ਵਿੱਚ ਦੁੱਧ ਦਾ ਮੁੱਲ ਅਤੇ ਗੁਣਵੱਤਾ ਦਾ ਪਹਿਲੀ ਵਾਰੀ ਪਤਾ ਲੱਗਿਆ। ਇਸ ਕੈਂਪ ਵਿੱਚ ਕੁੱਲ 40 ਦੁੱਧ ਦੇ ਸੈਂਪਲ ਚੈੱਕ ਕੀਤੇ ਗਏ, ਜਿਨ੍ਹਾਂ ਵਿੱਚੋਂ 35 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ 15 ਫੀਸਦੀ ਤੋਂ 40 ਫੀਸਦੀ ਤੱਕ ਪਾਈ ਗਈ ਅਤੇ 5 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ। ਇਨ੍ਹਾਂ ਸੈਂਪਲ ਵਿੱਚ ਹਾਨੀਕਾਰਕ ਰਸਾਇਣ ਸਬੰਧੀ ਕੋਈ ਪੁਸ਼ਟੀ ਨਹੀਂ ਪਾਈ ਗਈ।ਸ੍ਰੀ ਰੌਣੀ ਦਾ ਕਹਿਣਾ ਸੀ ਕਿ ਦੁੱਧ ਇੱਕ ਸੰਪੂਰਣ ਖੁਰਾਕ ਹੋਣ ਦੇ ਨਾਤੇ ਇਹ ਇੱਕ ਨਵ-ਜੰਮੇ ਬੱਚੇ ਤੋਂ ਲੈ ਕੇ ਬੁੱਢੇ ਦੀ ਖੁਰਾਕ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਸੋ ਭਵਿੱਖ ਵਿੱਚ ਇਸ ਤਰਾਂ ਦੇ ਹੋਰ ਮੁਫਤ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਸਮੇਂ-ਸਮੇਂ ਤੇ ਲਗਾਏ ਜਾਂਦੇ ਰਹਿਣਗੇ। ਅਜਿਹੇ ਕੈਂਪਾਂ ਦਾ ਮਨੋਰਥ ਦੁੱਧ ਖੱਪਤਕਾਰਾਂ ਵਿੱਚ ਸਾਫ ਅਤੇ ਸ਼ੁੱਧ ਦੁੱਧ ਬਾਰੇ ਜਾਗਰਿਤੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਦੁੱਧ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਕਿੱਤੇ ਨਾਲ ਜੁੜੇ ਕੁੱਝ ਕੁ ਲੋਕ ਦੁੱਧ ਵਿੱਚ ਪਾਣੀ ਪਾ ਦਿੰਦੇ ਹਨ ਪਰ ਕੁੱਝ ਸ਼ਰਾਰਤੀ ਅਨਸਰ ਆਪਣੇ ਲਾਲਚ ਲਈ ਦੁੱਧ ਵਿੱਚ ਮਿਲਾਵਟ ਕਰਦੇ ਹਨ ਜਿਸ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਈ ਕੇਸਾਂ ਵਿੱਚ ਮਾਰੂ ਬੀਮਾਰੀਆਂ ਲੱਗਣ ਦਾ ਵੀ ਖਤਰਾ ਬਣ ਜਾਂਦਾ ਹੈ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਜੈ ਕਿਸ਼ਨ ਤੇ ਕੁਲਵਿੰਦਰ ਸਿੰਘ, ਮੋਬਾਇਲ ਵੈਨ ਇੰਚਾਰਜ ਰਾਜਿੰਦਰ ਸਿੰਘ, ਗੁਲਾਬ ਰਾਏ ਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।