ਪਟਿਆਲਾ, 28 ਦਸੰਬਰ 2017: ਹਿੰਦੁਸਤਾਨ ਟਾਇਮਜ ਦੇ ਪਟਿਆਲਾ ਤੋਂ ਸੀਨੀਅਰ ਪੱਤਰਕਾਰ ਸ੍ਰੀ ਵਿਸ਼ਾਲ ਰੰਬਾਣੀ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਸੁਦੇਸ਼ ਰੰਬਾਣੀ (67 ਸਾਲ) ਸੁਪਤਨੀ ਸਵਰਗੀ ਸ੍ਰੀ ਓਮ ਪ੍ਰਕਾਸ਼ ਰੰਬਾਣੀ ਦਾ ਅੱਜ ਸ਼ਾਮੀ ਇਥੇ ਨਿਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਆਪਣੇ ਦੋ ਸਪੁੱਤਰਾਂ, ਇੱਕ ਸਪੁੱਤਰੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ।
ਸ੍ਰੀਮਤੀ ਸੁਦੇਸ਼ ਰੰਬਾਣੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਨਿਰਮਲ ਸਿੰਘ ਸ਼ੁਤਰਾਣਾ ਅਤੇ ਸ੍ਰੀ ਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਪ੍ਰਮਾਤਮਾਂ ਵਿਛੜੀ ਆਤਮਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ।
ਇਸੇ ਦੌਰਾਨ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਭਰਤਇੰਦਰ ਸਿੰਘ ਚਾਹਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੁੱਖ ਸਕੱਤਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਗੁਰਕਿਰਤਕ੍ਰਿਪਾਲ ਸਿੰਘ, ਮੁੱਖ ਮੰਤਰੀ ਦੇ ਸਕੱਤਰ-ਕਮ-ਓ.ਐਸ.ਡੀ. ਸ੍ਰੀ ਐਮ.ਪੀ. ਸਿੰਘ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਪਟਿਆਲਾ ਦੇ ਡਵੀਜਨਲ ਕਮਿਸ਼ਨਰ ਸ੍ਰੀ ਵੀ.ਕੇ. ਮੀਨਾ, ਆਈ.ਜੀ. ਸ੍ਰੀ ਏ.ਐਸ. ਰਾਏ, ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ. ਐਸ. ਭੂਪਤੀ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਡੀ.ਪੀ.ਆਰ.ਓ. ਸ੍ਰੀ ਇਸ਼ਵਿੰਦਰ ਸਿੰਘ ਗਰੇਵਾਲ ਸਮੇਤ ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਰਾਜਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਸ੍ਰੀਮਤੀ ਸੁਦੇਸ਼ ਰੰਬਾਣੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਰਵਾਰਕ ਸੂਤਰਾਂ ਮੁਤਾਬਕ ਸ੍ਰੀਮਤੀ ਸੁਦੇਸ਼ ਰੰਬਾਣੀ ਦਾ ਅੰਤਮ ਸੰਸਕਾਰ ਮਿਤੀ 29 ਦਸੰਬਰ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ-ਤਰਨਤਾਰਨ ਰੋੜ 'ਤੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਚੱਬਾ ਦੇ ਸਮਸ਼ਾਨ ਘਾਟ, ਨੇੜੇ ਰਾਮਬਾਣੀ ਮੰਦਿਰ, ਵਿਖੇ ਕੀਤਾ ਜਾਵੇਗਾ।