ਪਟਿਆਲਾ 24 ਦਸੰਬਰ 2017 : ਪੰਜਾਬ ਸਰਕਾਰ ਨੇ ਚਾਈਨਾ ਡੋਰ/ਮਾਂਜਾ, ਜਿਹੜਾ ਨਾਈਲੋਨ ਜਾਂ ਸਿੰਥੈਟਿਕ ਧਾਗੇ ਤੋਂ ਬਣਿਆ ਹੁੰਦਾ ਹੈ, ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਇਹ ਡੋਰ ਪਤੰਗ ਉਡਾਉਣ ਲਈ ਵੱਡੇ ਪੱਧਰ ਤੇ ਵਰਤੀ ਜਾਂਦੀ ਹੈ ਜਿਸ ਨਾਲ ਮਨੁੱਖ, ਜੀਵ ਜੰਤੂ, ਪੰਛੀ, ਮਿੱਟੀ ਅਤੇ ਵਾਤਾਵਰਣ ਦੂਸ਼ਿਤ ਹੁੰਦਾ ਹੈ। ਪੰਜਾਬ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕਰਕੇ ਇਸ ਸੰਬੰਧੀ ਲੋਕ ਰਾਇ ਮੰਗੀ ਹੈ ਕਿ ਕਿਉਂ ਨਾ ਇਸ ਚਾਈਨਾ ਡੋਰ ਤੇ ਰਾਜ ਅੰਦਰ ਪਾਬੰਦੀ ਲਗਾਈ ਜਾਵੇ।
ਇਹ ਡੋਰ ਜਿਹੜੀ ਕਿ ਸਿੰਥੈਟਿਕ ਹੋਣ ਕਾਰਨ ਗਲਦੀ ਨਹੀਂ ਅਤੇ ਬਿਜਲਈ ਸੁਚਾਲਕ ਹੈ, ਕਾਰਨ ਕਈ ਵਾਰ ਦੁਰਘਟਨਾਵਾਂ ਨੂੰ ਜਨਮ ਦਿੰਦੀ ਹੈ, ਇਸ ਡੋਰ ਵਿਚ ਫਸਣ ਵਾਲੇ ਪੰਛੀਆਂ ਨੂੰ ਮਾਰ ਦਿੰਦੀ ਹੈ ਅਤੇ ਕਈ ਵਾਰ ਮਨੁੱਖੀ ਦੁਰਘਟਨਾਵਾਂ ਵੀ ਵਾਪਰਦੀਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਡੋਰ ਦੇ ਮਾੜੇ ਨੁਕਸਾਨਾਂ ਅਤੇ ਵਾਤਾਵਰਣ ਤੇ ਪੈ ਰਹੇ ਵਿਪਰੀਤ ਅਸਰ ਦੇ ਮੱਦੇ ਨਜ਼ਰ ਸਰਕਾਰ ਨੇ ਇਸ ਦੇ ਬਣਾਉਣ, ਬਸਾਂਭਣ, ਵਿਕਰੀ ਅਤੇ ਪਤੰਗ ਉਡਾਉਣ ਲਈ ਵਰਤੇ ਜਾਣ ਤੇ ਪੂਰੀ ਪਾਬੰਦੀ ਲਗਾਉਣ ਲਈ 30 ਦਿਨਾਂ ਦਾ ਨੋਟਿਸ ਦੇ ਕੇ ਲੋਕ ਰਾਇ ਮੰਗੀ ਹੈ। ਉਹਨਾਂ ਦੱਸਿਆ ਕਿ ਵਾਤਾਵਰਣ ਸੁਰੱਖਿਆ ਐਕਟ 1986 ਅਧੀਨ ਲਗਾਈ ਜਾਣ ਵਾਲੀ ਇਸ ਪਾਬੰਦੀ ਤਹਿਤ 5 ਸਾਲ ਤੱਕ ਦੀ ਕੈਦ ਜਾਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।