ਪਟਿਆਲਾ, 22 ਦਸੰਬਰ 2017: ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਸਿੰਘ ਮਾਨ ਨੇ ਉਦਾਰਤਾ ਅਤੇ ਖੁੱਲਦਿਲੀ ਵਾਲਾ ਰਵੱਈਆ ਅਖਤਿਆਰ ਕਰਦਿਆਂ ਯੂਨੀਵਰਸਿਟੀ ਨੂੰ ਦਰਪੇਸ਼ ਵਿਤੀ ਸੰਕਟ ਦੇ ਮੱਦੇਨਜ਼ਰ ਆਪਣੀ ਕਮਾਈ ਦਾ ਕੁੱਝ ਹਿੱਸਾ ਦਾਨ ਵਜੋਂ ਦੇਣ ਲਈ ਚੁਣਿਆ ਹੈ। ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਉਨ੍ਹਾਂ ਦੇ ਇਸ ਫੈਸਲੇ ਦੀਪ੍ਰਸ਼ੰਸਾ ਕਰਦਿਆਂ ਕਿਹਾ, "ਮੈਂ ਡਾ. ਗੁਰਮੀਤ ਸਿੰਘ ਮਾਨ ਵਲੋਂ ਦਿਖਾਈ ਗਈ ਇਸ ਉਦਾਰਤਾ ਦੀ ਭਾਵਨਾ ਦੀ ਕਦਰ ਕਰਦਾ ਹਾਂ ਅਤੇ ਉਨ੍ਹਾਂ ਦਾ ਸ਼ੁੱਕਰਗੁਜ਼ਾਰ ਵੀ ਹਾਂ।"
ਵਾਈਸ-ਚਾਂਸਲਰ ਕੋਲ ਭੇਜੇ ਪੱਤਰ ਵਿੱਚ ਡਾ. ਮਾਨ ਨੇ ਜ਼ਿਕਰ ਕੀਤਾ ਹੈ ਕਿ ਉਹ ਜਦੋਂ ਤੱਕ ਸਰਗਰਮ ਯੂਨੀਵਰਸਿਟੀ ਸੇਵਾ ਵਿੱਚ ਰਹਿੰਦੇ ਹਨ, ਆਪਣੀ ਤਨਖਾਹ ਵਿਚੋਂ 1,000 ਰੁਪਏ ਪ੍ਰਤੀ ਮਹੀਨਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵਲੋਂ ਆਪਣੀ ਮਾਤਰੀ ਸੰਸਥਾ ਪ੍ਰਤੀ ਸੇਵਾ ਦਾ ਇੱਕ ਛੋਟਾ ਜਿਹਾ ਹਿੱਸਾ ਹੋਵੇਗਾ। ਉਨ੍ਹਾਂ ਨੇਯੂਨੀਵਰਸਿਟੀ ਸੇਵਾ ਤੋਂ ਮੁਕਤ ਹੋਣ ਉਪਰੰਤ ਗ੍ਰੈਚੂਟੀ ਅਤੇ ਨਕਦ ਛੁੱਟੀ ਦੇ ਇਵਜ਼ ਵਜੋਂ ਮਿਲਣ ਵਾਲੀ 3-5 ਲੱਖ ਰੁਪਏ ਦੀ ਕੁੱਲ ਰਾਸ਼ੀ ਦਾ 10% ਹਿੱਸਾ ਵੀ ਦਾਨ ਵਜੋਂ ਦੇਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਨੇ ਆਪਣੇ ਵਿਭਾਗ, ਸੈਂਟਰ ਫਾਰ ਅਡਵਾਂਸਡ ਮੀਡੀਆ ਸਟੱਡੀਜ਼ ਵਲੋਂ ਚਲਾਏ ਜਾ ਰਹੇ ਕੋਰਸਾਂ ਵਿੱਚ ਮੈਰਿਟ ਲਿਸਟ ਵਿੱਚ ਅੱਵਲ ਦਰਜੇ ਤੇ ਰਹਿਣ ਵਾਲੇ ਇੱਕ ਵਿਦਿਆਰਥੀ ਨੂੰ ਵੀ ਅਡਾਪਟ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਯੂਨੀਵਰਸਿਟੀ ਸਰਵਿਸ ਦੌਰਾਨ ਯੂਨੀਵਰਸਿਟੀ ਨਿਯਮਾਂ ਅਨੁਸਾਰ ਵਿਤੀ ਸਥਿਤੀ ਪੱਖੋਂਗਰੀਬ ਇਸ ਵਿਦਿਆਰਥੀ ਦੀ ਟਿਊਸ਼ਨ ਫੀਸ ਜਮ੍ਹਾਂ ਕਰਵਾਉਣਗੇ। ਡਾ. ਮਾਨ ਨੇ ਅੱਗੇ ਕਿਹਾ ਕਿ ਉਚ-ਅਧਿਕਾਰੀ ਜੇ ਠੀਕ ਸਮਝਣ ਤਾਂ ਇਹ ਯੋਗਦਾਨ ਉਨ੍ਹਾਂ ਦੀ ਯੂਨੀਵਰਸਿਟੀ ਸੇਵਾ ਤੋਂ ਮੁਕਤ ਹੋਣ ਉਪਰੰਤ ਮਿਲਣ ਵਾਲੇ ਸੇਵਾ ਲਾਭਾਂ ਤੋਂ ਪ੍ਰਾਪਤ ਵਿਆਜ ਵਿਚੋਂ ਪਾਇਆ ਜਾ ਸਕਦਾ ਹੈ।
ਡਾ. ਮਾਨ ਨੇ ਕਿਹਾ ਕਿ ਉਹ ਆਪਣੀ ਪੁਰਾਣੀ ਬੀਮਾਰੀ, ਵਾਇਰਲ ਮੇਨਿਨਜਾਈਟਿਸ ਅਤੇ ਡਾਇਬੀਟੀਜ਼ ਅਤੇ ਉਨ੍ਹਾਂ ਦੀ ਪਤਨੀ ਦੇ ਦਿਲ ਦੀਆਂ ਬਿਮਾਰੀਆਂ ਲਈ ਬਣਦੀ 5,000 ਰੁਪਏ ਪ੍ਰਤੀ ਮਹੀਨਾ ਮੈਡੀਕਲ ਰਾਸ਼ੀ ਯੂਨੀਵਰਸਿਟੀ ਦੇ ਵਿਤੀ ਸੰਕਟ ਕਾਰਨ ਕਲੇਮ ਨਹੀਂ ਕਰ ਰਹੇ ਹਨ। ਉਹ ਪਹਿਲਾਂ ਹੀ ਲਗਭਗ 200 ਪੁਸਤਕਾਂ ਆਪਣੀ ਵਿਭਾਗੀਲਾਇਬ੍ਰੇਰੀ ਵਿਚ ਦਾਨ ਕਰ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਮੁੱਚੇ ਵਿਕਾਸ ਲਈ ਇਸ ਨੂੰ ਜਾਰੀ ਰੱਖਣ ਲਈ ਵਚਨਬੱਧ ਹਨ। ਉਨ੍ਹਾਂ ਭਵਿੱਖ ਵਿਚ ਸੌਂਪੇ ਗਏ ਕਿਸੇ ਵੀ ਯੂਨੀਵਰਸਿਟੀ ਦੇ ਕੰਮ, ਖਾਸ ਤੌਰ 'ਤੇ ਪ੍ਰੀਖਿਆਵਾਂ ਨਾਲ ਸੰਬੰਧਿਤ ਅਤੇ ਵਾਧੂ ਅਧਿਆਪਨ ਕਾਰਜਾਂ ਲਈ ਕੋਈ ਮਿਹਨਤਾਨਾ ਨਾ ਲੈਣ ਦਾ ਵੀਵਾਅਦਾ ਕੀਤਾ।
ਡਾ. ਮਾਨ ਨੇ ਆਪਣੇ ਸਾਥੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰੇਕ ਵਿਭਾਗ ਜਾਂ ਘੱਟੋ ਘੱਟ ਕੈਮਜ਼ ਦੇ ਕੰਟੀਜੈਂਟ ਖਰਚਿਆਂ ਨੂੰ ਪੂਰਾ ਕਰਨ ਲਈ ਆਪਣੇ ਤਨਖ਼ਾਹ ਵਿੱਚੋਂ ਕੁਝ ਰਾਸ਼ੀ ਦੇਣ ਤਾਂ ਜੋ ਜਿਥੋਂ ਤੱਕ ਸੰਭਵ ਹੋ ਸਕੇ ਯੂਨੀਵਰਸਿਟੀ ਨੂੰ ਇਸ ਦੇ ਆਰਜ਼ੀ ਤੌਰ ਤੇ ਚੱਲ ਰਹੇ ਵਿੱਤੀ ਸੰਕਟ ਦੇ ਦੌਰ ਵਿੱਚੋਂ ਬਾਹਰ ਕੱਢਿਆ ਜਾ ਸਕੇ।
ਇਹ ਹੈ ਇਕ ਪਰਉਪਕਾਰੀ ਗੱਲ ਪਰ ਮੁੱਖ ਮੰਤਰੀ ਆਪਣੇ ਹੀ ਸ਼ਹਿਰ ਦੀ ਯੂਨੀਵਰਸਟੀ ਦਾ ਪਾਰ ਉਤਾਰਾ ਕਦੋ ਕਰਦੇ ਹਨ ਵੇਖਣ ਵਾਲੀ ਗੱਲ ਹੈ ? ਇਸ ਸਮੇ ਯੂਨੀਵਰਸਟੀ 200 ਤੋਂ 250 ਕਰੋੜ ਦੇ ਮੰਦੇ ਵਿਚ ਹੈ ਸੋ ਪਿਛੇ ਹੋਏ ਖਰਚਿਆ ਦੇ ਜਾਚ ਦੀ ਵੀ ਲੋੜ ਹੈ।